– 100 ਕਰੋੜ ਦੀ ਜਾਇਦਾਦ ਜ਼ਬਤ
– ਨੋਟ ਗਿਣਦੇ-ਗਿਣਦੇ ਥੱਕੇ ਅਧਿਕਾਰੀ
ਹੈਦਰਾਬਾਦ, 25 ਜਨਵਰੀ (ਪੰਜਾਬ ਮੇਲ)- ਬੀਤੇ ਦਿਨੀਂ ਏ.ਸੀ.ਬੀ. (ਐਂਟੀ ਕੁਰੱਪਸ਼ਨ ਬਿਊਰੋ) ਨੇ ਤੇਲੰਗਾਨਾ ਸਰਕਾਰ ਦੇ ਇਕ ਅਧਿਕਾਰੀ ਦੇ ਟਿਕਾਣੇ ‘ਤੇ ਛਾਪਾ ਮਾਰਿਆ, ਜਿਸ ਵਿਚ ਭਾਰੀ ਮਾਤਰਾ ਵਿਚ ਪੈਸਾ ਮਿਲਿਆ। ਅਧਿਕਾਰੀ ਸ਼ਿਵ ਬਾਲਕ੍ਰਿਸ਼ਨ ਦੇ ਘਰੋਂ 100 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।
ਏ. ਸੀ. ਬੀ. ਦੇ ਅਧਿਕਾਰੀਆਂ ਨੇ ਬਾਲਕ੍ਰਿਸ਼ਨ ਕੋਲੋਂ 40 ਲੱਖ ਕੈਸ਼, 2 ਕਿਲੋ ਸੋਨਾ, ਕਈ ਮਹਿੰਗੀਆਂ ਘੜੀਆਂ, ਕਈ ਮਹਿੰਗੇ ਸਮਾਰਟਫ਼ੋਨ, 10 ਲੈਪਟਾਪ ਤੇ ਕਈ ਦਸਤਾਵੇਜ਼ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਏ.ਸੀ.ਬੀ. ਨੇ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਿਵ ਬਾਲਕ੍ਰਿਸ਼ਨ ਤੇਲੰਗਾਨਾ ਸਟੇਟ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਦੇ ਸਕੱਤਰ ਤੇ ਮੈਟਰੋ ਰੇਲ ਵਿਚ ਯੋਜਨਾ ਅਧਿਕਾਰੀ ਹਨ। ਬਾਲਕ੍ਰਿਸ਼ਨ ਇਸ ਤੋਂ ਪਹਿਲਾਂ ਹੈਦਰਾਬਾਦ ਮੈਟਰੋਪੋਲੀਟਨ ਵਿਕਾਸ ਅਥਾਰਟੀ ਵਿਚ ਟਾਊਨ ਪਲਾਨਿੰਗ ਦੇ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ।
ਬਾਲਕ੍ਰਿਸ਼ਨ ਤੋਂ ਕਈ ਕੈਸ਼ ਕਾਊਂਟਿੰਗ ਮਸ਼ੀਨਾਂ ਵੀ ਮਿਲੀਆਂ ਹਨ। ਇਸ ਦੇ ਨਾਲ ਹੀ ਉਸ ਦੇ ਘਰ ਤੋਂ ਕੁਝ ਅਜਿਹੇ ਦਸਤਾਵੇਜ਼ ਵੀ ਮਿਲੇ ਹਨ, ਜਿਨ੍ਹਾਂ ‘ਚ 4 ਬੈਂਕ ਲਾਕਰਾਂ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਇਨ੍ਹਾਂ ਲਾਕਰਾਂ ਦੀ ਤਲਾਸ਼ੀ ਨਹੀਂ ਲਈ ਹੈ।