#AMERICA

ਐਂਜਲੀਨਾ ਜੋਲੀ ਅਤੇ ਬਰੈਡ ਪਿਟ ‘ਚ ਹੋਇਆ ਤਲਾਕ

8 ਸਾਲਾਂ ਮਗਰੋਂ ਸਮਝੌਤੇ ‘ਤੇ ਸਹਿਮਤੀ ਬਣੀ
ਲਾਸ ਏਂਜਲਸ, 3 ਦਸੰਬਰ (ਪੰਜਾਬ ਮੇਲ)-ਅਦਾਕਾਰਾ ਐਂਜਲੀਨਾ ਜੋਲੀ ਤੇ ਬਰੈਡ ਪਿਟ ਦਾ ਤਲਾਕ ਹੋ ਗਿਆ ਹੈ, ਜੋ ਹੌਲੀਵੁੱਡ ਦੇ ਇਤਿਹਾਸ ‘ਚ ਸਭ ਤੋਂ ਲੰਮੇ ਤੇ ਵਿਵਾਦਮਈ ਰਹਿਣ ਵਾਲੇ ਤਲਾਕਾਂ ‘ਚੋਂ ਇਕ ਹੈ। ਅਦਾਕਾਰਾ ਜੋਲੀ ਦੀ ਅਟਾਰਨੀ ਜੇਮਜ਼ ਸਾਈਮਨ ਨੇ ਜੋੜੀ ਦੇ ਤਲਾਕ ਸਬੰਧੀ ਹੋਏ ਸਮਝੌਤੇ ਦੀ ਪੁਸ਼ਟੀ ਕੀਤੀ, ਜਦਕਿ ਮੈਗਜ਼ੀਨ ‘ਪੀਪਲਜ਼’ ਨੇ ਸਭ ਤੋਂ ਪਹਿਲਾਂ ਤਲਾਕ ਸਬੰਧੀ ਜਾਣਕਾਰੀ ਦਿੱਤੀ। ਸਾਈਮਨ ਨੇ ਬਿਆਨ ‘ਚ ਕਿਹਾ, ‘ਅੱਠ ਸਾਲਾਂ ਤੋਂ ਵੀ ਪਹਿਲਾਂ ਐਂਜਲੀਨਾ ਨੇ ਪਿਟ ਤੋਂ ਤਲਾਕ ਲਈ ਅਰਜ਼ੀ ਦਿੱਤੀ ਸੀ।’ ਉਨ੍ਹਾਂ ਕਿਹਾ ਕਿ ਹਾਲੇ ਤੱਕ ਕੋਈ ਵੀ ਅਦਾਲਤੀ ਦਸਤਾਵੇਜ਼ ਦਾਖ਼ਲ ਨਹੀਂ ਕੀਤਾ ਗਿਆ ਹੈ ਅਤੇ ਸਮਝੌਤੇ ‘ਤੇ ਜੱਜ ਦੇ ਹਸਤਾਖ਼ਰ ਦੀ ਲੋੜ ਪਵੇਗੀ। ਜ਼ਿਕਰਯੋਗ ਹੈ ਕਿ ਐਂਜਲੀਨਾ ਜੋਲੀ ਤੇ ਪਿਟ ਦੀ ਜੋੜੀ ਹੌਲੀਵੁੱਡ ਵਿਚ 12 ਸਾਲਾਂ ਤੱਕ ਸਭ ਤੋਂ ਵੱਧ ਚਰਚਿਤ ਰਹੀ ਹੈ ਤੇ ਆਸਕਰ ਜੇਤੂ ਇਸ ਜੋੜੀ ਦੇ ਛੇ ਬੱਚੇ ਹਨ। ਜੋਲੀ ਨੇ ਸਾਲ 2016 ਵਿਚ ਤਲਾਕ ਲਈ ਅਰਜ਼ੀ ਦਿੱਤੀ ਸੀ।