#AMERICA

ਏ.ਆਰ. ਰਹਿਮਾਨ ਵੱਲੋਂ ਕਮਲਾ ਹੈਰਿਸ ਦੀ ਚੋਣ ਮੁਹਿੰਮ ਦੀ ਹਮਾਇਤ

ਵਾਸ਼ਿੰਗਟਨ, 14 ਅਕਤੂਬਰ (ਪੰਜਾਬ ਮੇਲ)- ਉੱਘੇ ਸੰਗੀਤਕਾਰ ਏ.ਆਰ. ਰਹਿਮਾਨ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਸਮਰਥਨ ਵਿਚ ਆਪਣੇ ਸੰਗੀਤ ਪ੍ਰੋਗਰਾਮ ਦਾ 30 ਮਿੰਟ ਦਾ ਵੀਡੀਓ ਰਿਕਾਰਡ ਕਰਵਾਇਆ ਹੈ। ਇਸ ਨਾਲ 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਡੈਮੋਕਰੈਟਿਕ ਉਮੀਦਵਾਰ ਹੈਰਿਸ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਣ ਦੀ ਉਮੀਦ ਹੈ। ਰਹਿਮਾਨ (57) ਦੱਖਣੀ ਏਸ਼ੀਆ ਦੇ ਪਹਿਲੇ ਵੱਡੇ ਕੌਮਾਂਤਰੀ ਕਲਾਕਾਰ ਹਨ, ਜਿਨ੍ਹਾਂ ਨੇ ਭਾਰਤੀ-ਅਫਰੀਕੀ ਮੂਲ ਦੀ ਹੈਰਿਸ ਦਾ ਸਮਰਥਨ ਕੀਤਾ ਹੈ। ‘ਏਸ਼ੀਅਨ ਅਮਰੀਕਨ ਪੈਸਿਫਿਕ ਆਇਲੈਂਡਰਜ਼ (ਏ.ਏ.ਪੀ.ਆਈ.) ਵਿਕਟਰੀ ਫੰਡ’ ਦੇ ਪ੍ਰਧਾਨ ਸ਼ੇਖਰ ਨਰਸਿਮਹਾ ਨੇ ਕਿਹਾ, ‘ਇਸ ਪੇਸ਼ਕਾਰੀ ਦੇ ਨਾਲ ਹੀ ਏ.ਆਰ. ਰਹਿਮਾਨ ਉਨ੍ਹਾਂ ਆਗੂਆਂ ਅਤੇ ਕਲਾਕਾਰਾਂ ਦੇ ਗਰੁੱਪ ਵਿਚ ਸ਼ਾਮਲ ਹੋ ਗਏ ਹਨ, ਜੋ ਅਮਰੀਕਾ ਵਿਚ ਪ੍ਰਗਤੀ ਤੇ ਨੁਮਾਇੰਦਗੀ ਦਾ ਸਮਰਥਨ ਕਰ ਰਹੇ ਹਨ।’ ਉਨ੍ਹਾਂ ਕਿਹਾ, ‘ਇਹ ਮਹਿਜ਼ ਸੰਗੀਤ ਪ੍ਰੋਗਰਾਮ ਤੋਂ ਕਿਤੇ ਵੱਧ ਹੈ, ਇਹ ਸਾਡੇ ਭਾਈਚਾਰਿਆਂ ਲਈ ਸੱਦਾ ਹੈ ਕਿ ਉਹ ਉਸ ਭਵਿੱਖ ਦੀ ਉਸਾਰੀ ਦੀ ਕਵਾਇਦ ਵਿਚ ਸ਼ਾਮਲ ਹੋਣ ਅਤੇ ਵੋਟ ਪਾਉਣ, ਜਿਸ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ।’ ਭਾਰਤੀ ਸੰਗੀਤਕਾਰ ਤੇ ਗਾਇਕ ਰਹਿਮਾਨ ਨੇ ਹੈਰਿਸ ਦੀ ਮੁਹਿੰਮ ਦੇ ਸਮਰਥਨ ਵਿਚ 30 ਮਿੰਟ ਦਾ ਵੀਡੀਓ ਰਿਕਾਰਡ ਕੀਤਾ ਹੈ।