ਨਵੀਂ ਦਿੱਲੀ, 26 ਸਤੰਬਰ (ਪੰਜਾਬ ਮੇਲ)-ਆਸਟਰੇਲੀਆ ਦੇ ਥਿੰਕ ਟੈਂਕ ਵੱਲੋਂ ਜਾਰੀ ਸਾਲਾਨਾ ‘ਏਸ਼ੀਆ ਪਾਵਰ ਇੰਡੈਕਸ’ ਵਿਚ ਜਾਪਾਨ ਨੂੰ ਪਛਾੜ ਕੇ ਭਾਰਤ ਤੀਜੇ ਨੰਬਰ ‘ਤੇ ਹੈ। ਕਰੋਨਾ ਮਗਰੋਂ ਮਜ਼ਬੂਤ ਆਰਥਿਕ ਵਿਕਾਸ ਦਰ ਕਾਰਨ ਭਾਰਤ ਨੇ ਜਾਪਾਨ ਨੂੰ ਪਛਾੜ ਦਿੱਤਾ ਹੈ। ਸਿਡਨੀ ਸਥਿਤ ‘ਲੋਵੀ ਇੰਸਟੀਚਿਊਟ’ ਨੇ ਆਪਣੇ ‘ਏਸ਼ੀਆ ਪਾਵਰ ਇੰਡੈਕਸ’ ਵਿਚ 81.7 ਅੰਕਾਂ ਨਾਲ ਅਮਰੀਕਾ ਨੂੰ ਸਿਖ਼ਰ ‘ਤੇ ਰੱਖਿਆ ਹੈ। ਇਸ ਤੋਂ ਬਾਅਦ ਚੀਨ 72.7 ਅੰਕਾਂ ਨਾਲ ਦੂਜੇ, ਭਾਰਤ 39.1 ਅੰਕਾਂ ਨਾਲ ਤੀਜੇ, ਜਾਪਾਨ 38.9 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ। ਇਸੇ ਤਰ੍ਹਾਂ ਆਸਟਰੇਲੀਆ 31.9 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ, ਜਦੋਂਕਿ ਰੂਸ 31.1 ਅੰਕਾਂ ਨਾਲ ਛੇਵੇਂ ਸਥਾਨ ‘ਤੇ ਹੈ। ‘ਏਸ਼ੀਆ ਪਾਵਰ ਇੰਡੈਕਸ’ ਨੇ ਭਾਰਤ ਦੇ ਉੱਥਾਨ ਲਈ ਆਰਥਿਕ ਵਿਕਾਸ, ਭਵਿੱਖੀ ਸਮਰੱਥਾਵਾਂ ਅਤੇ ਕੂਟਨੀਤਿਕ ਪ੍ਰਭਾਵ ਨੂੰ ਮੁੱਖ ਕਾਰਕ ਬਣਾਇਆ ਹੈ। ਥਿੰਕ ਟੈਂਕ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਨੂੰ ਕੌਮਾਂਤਰੀ ਪੱਧਰ ‘ਤੇ ਵੱਧ ਪਛਾਣ ਮਿਲੀ ਹੈ।