#OTHERS

ਏਸ਼ੀਅਨ ਹਾਕੀ ਚੈਂਪੀਅਨਸ਼ਿਪ: ਭਾਰਤ ਨੇ ਸੈਮੀਫਾਈਨਲ ‘ਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ

-ਭਾਰਤ ਨੇ ਲਗਾਤਾਰ ਛੇਵੀਂ ਜਿੱਤ ਹਾਸਲ ਕੀਤੀ; ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ; ਫਾਈਨਲ ‘ਚ ਖੇਡਣਗੇ ਭਾਰਤ ਤੇ ਚੀਨ
ਪੇਇੰਚਿੰਗ, 16 ਸਤੰਬਰ (ਪੰਜਾਬ ਮੇਲ)- ਭਾਰਤ ਛੇਵੀਂ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿਚ ਪੁੱਜ ਗਿਆ ਹੈ। ਅੱਜ ਖੇਡੇ ਗਏ ਦੂਜੇ ਸੈਮੀਫਾਈਨਲ ਮੈਚ ‘ਚ ਮੌਜੂਦਾ ਚੈਂਪੀਅਨ ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਦਿੱਤਾ ਹੈ। ਇਹ ਮੈਚ ਚੀਨ ਦੇ ਹੁਲੁਨਬਿਊਰ ‘ਚ ਖੇਡਿਆ ਗਿਆ। ਇਸ ਟੂਰਨਾਮੈਂਟ ਵਿਚ ਭਾਰਤ ਦੀ ਇਹ ਲਗਾਤਾਰ ਛੇਵੀਂ ਜਿੱਤ ਹੈ। ਭਾਰਤ ਵੱਲੋ ਸਭ ਤੋਂ ਵੱਧ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ। ਭਾਰਤ ਨੇ ਸ਼ੁਰੂ ਤੋਂ ਹੀ ਵਿਰੋਧੀ ਟੀਮ ਖ਼ਿਲਾਫ਼ ਹਮਲਾਵਰ ਖੇਡ ਖੇਡੀ। ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤ ਮੰਗਲਵਾਰ ਨੂੰ ਚੀਨ ਨਾਲ ਫਾਈਨਲ ਮੁਕਾਬਲਾ ਖੇਡੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਸਾਢੇ ਤਿੰਨ ਵਜੇ ਖੇਡਿਆ ਜਾਵੇਗਾ। ਚੀਨ ਨੇ ਪਹਿਲੇ ਸੈਮੀਫਾਈਨਲ ‘ਚ ਪਾਕਿਸਤਾਨ ਨੂੰ ਪੈਨਲਟੀ ਸ਼ੂਟਆਊਟ ਰਾਹੀਂ ਹਰਾਇਆ ਸੀ।