#AMERICA

ਏਲਨ ਮਸਕ ਦੇ ਟਵਿੱਟਰ ਖਰੀਦਣ ਤੋਂ ਖੁਸ਼ ਨਹੀਂ ਹਨ ਵਾਤਾਵਰਣ ਪ੍ਰੇਮੀ

50 ਫੀਸਦੀ ਨੇ ਛੱਡਿਆ ਪਲੇਟਫਾਰਮ
ਨਿਊਯਾਰਕ, 17 ਅਗਸਤ (ਪੰਜਾਬ ਮੇਲ)- ਏਲਨ ਮਸਕ ਦੀ ਐਕਸ ਕਾਰਪ (ਪਹਿਲਾਂ ਟਵਿੱਟਰ) ਵਾਤਾਵਰਣ ਪ੍ਰੇਮੀਆਂ ਨੂੰ ਰਾਸ ਨਹੀਂ ਆ ਰਿਹਾ ਹੈ। ਮਸਕ ਦੇ ਐਕਸ ਕਾਰਪੋਰੇਸ਼ਨ ਦੇ ਮਾਲਕ ਬਣਨ ਤੋਂ ਬਾਅਦ ਲਗਭਗ ਅੱਧੇ ਵਾਤਾਵਰਣਵਾਦੀ ਪਲੇਟਫਾਰਮ ਛੱਡ ਚੁੱਕੇ ਹਨ। ਇਹ ਦਾਅਵਾ ਇਕ ਅਮਰੀਕੀ ਖੋਜ ਕੰਪਨੀ ਨੇ ਕੀਤਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਨਾਲ ਜੈਵ ਵਿਭਿੰਨਤਾ, ਜਲਵਾਯੂ ਪਰਿਵਰਤਨ ਅਤੇ ਕੁਦਰਤੀ ਆਫ਼ਤ ਦੀ ਰਿਕਵਰੀ ਵਰਗੇ ਮੁੱਦਿਆਂ ’ਤੇ ਜਨਤਕ ਚਰਚਾ ’ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ।
ਇਸ ਰਿਸਰਚ ਨੂੰ ਅਮਰੀਕਾ ਦੇ ਜੀਵ ਵਿਗਿਆਨਕਾਂ ਤੇ ਵਾਤਾਵਰਣ ਸਲਾਹਕਾਰਾਂ ਦੀ ਟੀਮ ਨੇ ਕੀਤਾ ਹੈ। ਖੋਜੀਆਂ ਨੇ ਟਵਿੱਟਰ ’ਤੇ 3,80,000 ਦੇ ਇਕ ਗਰੁੱਪ ਦਾ ਅਧਿਐਨ ਕੀਤਾ ਹੈ। ਇਸ ਅਧਿਐਨ ਵਿਚ ਜਲਵਾਯੂ ਪਰਿਵਰਤਨ ਤੇ ਜੈਵ ਵੰਨ-ਸੁਵੰਨਤਾ ਵਰਗੇ ਵਿਸ਼ਿਆਂ ’ਤੇ ਵਾਤਾਵਰਣ ਸਮਰਥਕ ਚਰਚਾਵਾਂ ’ਚ ਸਰਗਰਮ ਸੁਰੱਖਿਆ ਭਾਈਚਾਰੇ ਦੇ ਲੋਕ ਸ਼ਾਮਲ ਸਨ।
ਮਸਕ ਦੇ ਮਾਈਕ੍ਰੋਬਲਾਗਿੰਗ ਪਲੇਟਫਾਰਮ ’ਤੇ ਕਬਜ਼ਾ ਕਰਨ ਦੇ ਬਾਅਦ 6 ਮਹੀਨੇ ਵਿਚ ਹੀ ਇਨ੍ਹਾਂ ਵਾਤਾਵਰਣ ਉਪਯੋਗਕਰਤਾਵਾਂ ਵਿਚੋਂ ਸਿਰਫ 52.5 ਫੀਸਦੀ ਹੀ ਸਰਗਰਮ ਤੌਰ ’ਤੇ ਟਵਿੱਟਰ ਦਾ ਇਸਤੇਮਾਲ ਕਰਦੇ ਪਾਏ ਗਏ ਹਨ। ਦੱਸ ਦੇਈਏ ਕਿ ਜੇਕਰ ਉਪਯੋਗਕਰਤਾ 15 ਦਿਨਾਂ ਦੇ ਅੰਦਰ ਘੱਟ ਤੋਂ ਘੱਟ ਇਕ ਵਾਰ ਪਲੇਟਫਾਰਮ ’ਤੇ ਪੋਸਟ ਕਰਦੇ ਹਨ, ਤਾਂ ਉਨ੍ਹਾਂ ਨੂੰ ਸਰਗਰਮ ਯੂਜ਼ਰ ਮੰਨਿਆ ਜਾਂਦਾ ਹੈ।
ਅਕਤੂਬਰ 2022 ’ਚ ਏਲਨ ਮਸਕ ਨੇ ਟਵਿੱਟਰ ਖਰੀਦਿਆ ਸੀ। ਇਸ ਤੋਂ ਪਹਿਲਾਂ ਟਵਿੱਟਰ ਵਾਤਾਵਰਣ ਸਬੰਧੀ ਚਰਚਾ ਲਈ ਸੋਸ਼ਲ ਮੀਡੀਆ ਪਲੇਟਫਾਰਮ ਵਜੋਂ ਕੰਮ ਕਰ ਰਿਹਾ ਸੀ। ਰਿਸਰਚ ਟੀਮ ਮੁਤਾਬਕ ਵੱਖ-ਵੱਖ ਵਾਤਾਵਰਣ ਹਿੱਤਾਂ ਲਈ ਵਕਾਲਤ ਕਰਨ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਤੇ ਸਹਿਯੋਗ ਦੇ ਨਵੇਂ ਮੌਕਿਆਂ ਬਾਰੇ ਗੱਲਬਾਤ ਕਰਨ ਲਈ ਟਵਿੱਟਰ ਮੁੱਖ ਸੋਸ਼ਲ ਮੀਡੀਆ ਮੰਚ ਰਿਹਾ ਹੈ। ਟੀਮ ਨੇ ਲਿਖਿਆ ਕਿ ਫਿਲਹਾਲ ਟਵਿੱਟਰ ਦੇ ਬਰਾਬਰ ਅਜਿਹਾ ਕੋਈ ਪਲੇਟਫਾਰਮ ਨਹੀਂ ਹੈ।

Leave a comment