#CANADA

ਏਅਰ ਕੈਨੇਡਾ ਦੇ ਪਾਇਲਟਾਂ ਦੀ ਹੜਤਾਲ; ਏਅਰ ਕੈਨੇਡਾ ਨੇ ਕੀਤੀ ਸਰਕਾਰ ਤੋਂ ਦਖਲ ਦੀ ਮੰਗ

ਓਟਵਾ, 14 ਸਤੰਬਰ (ਪੰਜਾਬ ਮੇਲ)- ਕੈਨੇਡਾ ਦੀ ਸਭ ਤੋਂ ਵੱਡੀ ਹਵਾਈ ਸੇਵਾ ਅਤੇ ਕਾਰੋਬਾਰੀ ਆਗੂਆਂ ਨੇ ਬੀਤੇ ਦਿਨੀਂ ਸੰਘੀ ਸਰਕਾਰ ਤੋਂ ਸ਼ਟਡਾਊਨ ਤੋਂ ਬਚਣ ਦੀ ਆਸ ਵਿਚ ਆਪਣੇ ਪਾਇਲਟਾਂ ਨਾਲ ਵਾਰਤਾ ‘ਚ ਦਖਲ ਦੇਣ ਦੀ ਮੰਗ ਕੀਤੀ ਪਰ ਕਿਰਤ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਸਮਝੌਤੇ ‘ਤੇ ਗੱਲਬਾਤ ਕਰਨੀ ਚਾਹੀਦੀ ਹੈ। ਏਅਰ ਕੈਨੇਡਾ ਦੇ ਬੁਲਾਰੇ ਕ੍ਰਿਸਟੌਫ ਹੈਨੇਬੈਲੇ ਨੇ ਕਿਹਾ ਕਿ ਏਅਰਲਾਈਨ ਗੱਲਬਾਤ ਲਈ ਪ੍ਰਤੀਬੱਧ ਹੈ ਪਰ ਉਸ ਨੂੰ ਏਅਰ ਲਾਈਨ ਪਾਇਲਟ ਐਸੋਸੀਏਸ਼ਨ ਦੀਆਂ ਤਨਖਾਹਾਂ ਸਬੰਧੀ ਮੰਗਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਉਹ ਪੂਰਾ ਨਹੀਂ ਕਰ ਸਕਦੇ। 5200 ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਲਗਾਤਾਰ ਰਿਕਾਰਡ ਮੁਨਾਫਾ ਕਮਾ ਰਹੀ ਹੈ, ਜਦਕਿ ਉਨ੍ਹਾਂ ਨੂੰ ਆਸ ਹੈ ਕਿ ਪਾਇਲਟ ਘੱਟ ਮੁਆਵਜ਼ਾ ਸਵੀਕਾਰ ਕਰਨਗੇ। ਪਾਇਲਟ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਅਮਰੀਕੀ ਹਵਾਈ ਸੇਵਾ ਦੇ ਬਰਾਬਰ ਤਨਖਾਹ ਦਿੱਤੀ ਜਾਵੇ।