#INDIA

ਏਅਰ ਇੰਡੀਆ ਵੱਲੋਂ 1 ਦਿਨ ‘ਚ 7 ਉਡਾਣਾਂ ਹੋਈਆਂ ਰੱਦ

ਨਵੀਂ ਦਿੱਲੀ, 18 ਜੂਨ (ਪੰਜਾਬ ਮੇਲ)- ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਦਾ ਉਡਾਣ ਸੰਚਾਲਨ ਬਹੁਤ ਪ੍ਰਭਾਵਿਤ ਹੋਇਆ ਹੈ। ਮੰਗਲਵਾਰ ਨੂੰ ਹੀ ਏਅਰ ਇੰਡੀਆ ਨੇ 7 ਉਡਾਣਾਂ ਰੱਦ ਕਰ ਦਿੱਤੀਆਂ। ਇਨ੍ਹਾਂ ਵਿੱਚੋਂ 6 ਡ੍ਰੀਮਲਾਈਨਰ ਉਡਾਣਾਂ ਸਨ। ਏਅਰ ਇੰਡੀਆ ਦਾ ਕਹਿਣਾ ਹੈ ਕਿ ਚੈਕਿੰਗ ਦੌਰਾਨ ਪਾਈਆਂ ਗਈਆਂ ਕੁਝ ਬੇਨਿਯਮੀਆਂ ਕਾਰਨ ਉਡਾਣਾਂ ਰੱਦ ਕੀਤੀਆਂ ਗਈਆਂ ਹਨ।
ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ ਏ.ਆਈ. 179 ਮੁੰਬਈ ਤੋਂ ਸਾਨ ਫਰਾਂਸਿਸਕੋ, ਏ.ਆਈ. 915 ਦਿੱਲੀ ਤੋਂ ਦੁਬਈ, ਏ.ਆਈ.153 ਦਿੱਲੀ ਤੋਂ ਵਿਆਨਾ, ਏ.ਆਈ. 143 ਦਿੱਲੀ ਤੋਂ ਪੈਰਿਸ, ਏ.ਆਈ. 159 ਅਹਿਮਦਾਬਾਦ ਤੋਂ ਲੰਡਨ, ਏ.ਆਈ.170 ਲੰਡਨ ਤੋਂ ਅੰਮ੍ਰਿਤਸਰ, ਏ.ਆਈ.133 ਬੰਗਲੁਰੂ ਤੋਂ ਲੰਡਨ ਡ੍ਰੀਮਲਾਈਨਰ ਸ਼ਾਮਲ ਹਨ।
ਏਅਰ ਇੰਡੀਆ ਨੇ ਕਿਹਾ ਕਿ ਮੰਗਲਵਾਰ ਨੂੰ ਦਿੱਲੀ ਤੋਂ ਪੈਰਿਸ ਜਾਣ ਵਾਲੀ ਉਡਾਣ ਕਿਸੇ ਸਮੱਸਿਆ ਕਾਰਨ ਰੱਦ ਕਰ ਦਿੱਤੀ ਗਈ ਹੈ। ਯਾਤਰੀਆਂ ਦੇ ਠਹਿਰਨ ਲਈ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਜੇਕਰ ਉਡਾਣ ਨੂੰ ਮੁੜ ਸ਼ਡਿਊਲ ਕੀਤਾ ਜਾਂਦਾ ਹੈ ਜਾਂ ਕੋਈ ਆਪਣਾ ਟਿਕਟ ਕੈਂਸਲ ਕਰਵਾਉਂਦਾ ਹੈ, ਤਾਂ ਉਸਨੂੰ ਪੂਰਾ ਰਿਫੰਡ ਮਿਲੇਗਾ।
ਏਅਰ ਇੰਡੀਆ ਦਾ ਕਹਿਣਾ ਹੈ ਕਿ ਹਵਾਈ ਖੇਤਰ ਵਿਚ ਵਧੀ ਹੋਈ ਜਾਂਚ ਅਤੇ ਪਾਬੰਦੀਆਂ ਕਾਰਨ ਜਹਾਜ਼ਾਂ ਨੂੰ ਮੰਜ਼ਿਲ ‘ਤੇ ਪਹੁੰਚਣ ਵਿਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਅਜਿਹੀ ਸਥਿਤੀ ਵਿਚ ਜਹਾਜ਼ਾਂ ਦੀ ਉਪਲਬਧਤਾ ਘੱਟ ਹੈ। ਇਸ ਲਈ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਏਅਰਲਾਈਨ ਨੇ ਕਿਹਾ ਕਿ ਡੀ.ਜੀ.ਸੀ.ਏ. ਏਅਰ ਇੰਡੀਆ ਦੇ ਜਹਾਜ਼ਾਂ ਦੀ ਜਾਂਚ ਕਰ ਰਿਹਾ ਹੈ।