-ਇੰਡੀਗੋ ਦਿੱਲੀ-ਲੰਡਨ ਮਾਰਗ ‘ਤੇ ਭਰੇਗੀ ਉਡਾਣ
ਮੁੰਬਈ, 25 ਦਸੰਬਰ (ਪੰਜਾਬ ਮੇਲ)- ਭਾਰਤ ਤੋਂ ਯੂਰਪ ਜਾਣ ਵਾਲੇ ਹਵਾਈ ਮੁਸਾਫ਼ਰਾਂ ਲਈ ਨਵਾਂ ਸਾਲ ਵੱਡੀਆਂ ਖ਼ੁਸ਼ਖਬਰੀਆਂ ਲੈ ਕੇ ਆ ਰਿਹਾ ਹੈ। ਟਾਟਾ ਗਰੁੱਪ ਦੀ ਏਅਰ ਇੰਡੀਆ ਨੇ ਲਗਭਗ 6 ਸਾਲਾਂ ਦੇ ਵਕਫ਼ੇ ਬਾਅਦ ਇਟਲੀ ਦੀ ਰਾਜਧਾਨੀ ਰੋਮ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਇਹ ਸੇਵਾ 25 ਮਾਰਚ, 2026 ਤੋਂ ਦਿੱਲੀ ਤੋਂ ਸ਼ੁਰੂ ਹੋਵੇਗੀ, ਜੋ ਹਫ਼ਤੇ ਵਿੱਚ ਚਾਰ ਦਿਨ (ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ) ਉਪਲਬਧ ਹੋਵੇਗੀ।
ਏਅਰ ਇੰਡੀਆ ਦੇ ਅਧਿਕਾਰੀਆਂ ਅਨੁਸਾਰ, ਇਹ ਫੈਸਲਾ ਭਾਰਤ ਅਤੇ ਇਟਲੀ ਵਿਚਕਾਰ ਵਧ ਰਹੇ ਵਪਾਰਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਗਿਆ ਹੈ, ਜਿਸ ਨਾਲ ਮੁਸਾਫ਼ਰਾਂ ਨੂੰ ਸਿੱਧੀ ਕਨੈਕਟੀਵਿਟੀ ਮਿਲੇਗੀ।
ਦੂਜੇ ਪਾਸੇ, ਨਿੱਜੀ ਖੇਤਰ ਦੀ ਪ੍ਰਮੁੱਖ ਏਅਰਲਾਈਨ ਇੰਡੀਗੋ ਨੇ ਵੀ ਕੌਮਾਂਤਰੀ ਪੱਧਰ ‘ਤੇ ਆਪਣਾ ਦਾਇਰਾ ਵਧਾਉਂਦਿਆਂ 2 ਫਰਵਰੀ ਤੋਂ ਦਿੱਲੀ ਅਤੇ ਲੰਡਨ (ਹੀਥਰੋ) ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਇਹ ਉਡਾਣਾਂ ਹਫ਼ਤੇ ‘ਚ ਪੰਜ ਦਿਨ ਚੱਲਣਗੀਆਂ ਅਤੇ ਬੋਇੰਗ 787 ਜਹਾਜ਼ਾਂ ਰਾਹੀਂ ਮੁਸਾਫ਼ਰਾਂ ਨੂੰ ‘ਇੰਡੀਗੋ ਸਟ੍ਰੈਚ’ (ਬਿਜ਼ਨਸ ਕਲਾਸ) ਅਤੇ ਇਕਾਨਮੀ ਕਲਾਸ ਦੀ ਸਹੂਲਤ ਮਿਲੇਗੀ।
ਇੰਡੀਗੋ ਦੇ ਸੀ.ਈ.ਓ. ਪੀਟਰ ਐਲਬਰਸ ਨੇ ਕਿਹਾ ਕਿ ਇਹ ਨਵੀਂ ਸੇਵਾ ਸੈਰ-ਸਪਾਟੇ ਅਤੇ ਕਾਰੋਬਾਰ ਦੇ ਨਾਲ-ਨਾਲ ਉਨ੍ਹਾਂ ਲੋਕਾਂ ਲਈ ਬਹੁਤ ਮਦਦਗਾਰ ਹੋਵੇਗੀ ਜੋ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਅਕਸਰ ਲੰਡਨ ਆਉਂਦੇ-ਜਾਂਦੇ ਹਨ। ਇਸ ਦੇ ਨਾਲ ਹੀ ਇੰਡੀਗੋ ਜਨਵਰੀ 2026 ਤੋਂ ਏਥਨਜ਼ ਲਈ ਵੀ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।
ਏਅਰ ਇੰਡੀਆ ਮੁੜ ਸ਼ੁਰੂ ਕਰੇਗੀ ਰੋਮ ਦੀਆਂ ਉਡਾਣਾਂ

