ਨਵੀਂ ਦਿੱਲੀ/ਸ੍ਰੀਨਗਰ, 14 ਜਨਵਰੀ, (ਪੰਜਾਬ ਮੇਲ)- ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਸੂਬਿਆਂ ’ਚ ਜਿੱਥੇ ਅੱਜ ਵੀ ਸੀਤ ਲਹਿਰ ਜਾਰੀ ਰਹੀ ਤੇ ਕਈ ਥਾਵਾਂ ’ਤੇ ਤਾਪਮਾਨ ਪੰਜ ਡਿਗਰੀ ਤੱਕ ਡਿੱਗ ਗਿਆ ਉੱਥੇ ਹੀ ਜੰਮੂ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ’ਚ ਹਲਕੀ ਬਰਫਬਾਰੀ ਨਾਲ ਘਾਟੀ ’ਚ ਲੰਮੇ ਸਮੇਂ ਤੋਂ ਜਾਰੀ ਖੁਸ਼ਮ ਮੌਸਮ ਦਾ ਦੌਰ ਖਤਮ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਗੁਰਦਾਸਪੁਰ (3.8 ਡਿਗਰੀ) ਤੇ ਹਰਿਆਣਾ ’ਚ ਨਾਰਨੌਲ (3 ਡਿਗਰੀ) ਸਭ ਤੋਂ ਠੰਢੇ ਰਹੇ ਜਦਕਿ ਕੌਮੀ ਰਾਜਧਾਨੀ ਦਿੱਲੀ (3.6 ਡਿਗਰੀ) ਵਿੱਚ ਪਿਛਲੇ ਪੰਜ ਸਾਲਾਂ ਦਾ ਸਭ ਤੋਂ ਠੰਢਾ ਦਿਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ’ਚ 16 ਜਨਵਰੀ ਤੱਕ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ ’ਚ ਸੀਤ ਲਹਿਰ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ ਅਤੇ ਕਈ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ’ਚ ਕਾਫੀ ਕਮੀ ਦਰਜ ਕੀਤੀ ਗਈ ਹੈ। ਦੋਵਾਂ ਰਾਜਾਂ ਦੇ ਬਹੁਤਿਆਂ ਹਿੱਸਿਆਂ ’ਚ ਅੱਜ ਸਵੇਰੇ ਸੰਘਣੀ ਧੁੰਦ ਛਾਈ ਰਹੀ ਜਿਸ ਕਾਰਨ ਦਿਸਣ ਹੱਦ ਕਾਫੀ ਘੱਟ ਰਹੀ। ਵਿਭਾਗ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ’ਚ ਘੱਟੋ ਘੱਟ ਤਾਪਮਾਨ ਕ੍ਰਮਵਾਰ 7.2, 4.9 ਤੇ 5.4 ਡਿਗਰੀ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਦਾਸਪੁਰ ਦਾ ਘੱਟੋ ਘੱਟ ਤਾਪਮਾਨ 3.8, ਬਠਿੰਡਾ ਦਾ 4.5, ਫਰੀਦਕੋਟ ਦਾ 5 ਡਿਗਰੀ ਰਿਹਾ। ਗੁਆਂਢੀ ਸੂਬੇ ਹਰਿਆਣਾ ਦਾ ਨਾਰਨੌਲ 3 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਇਲਾਕਾ ਰਿਹਾ। ਇਸੇ ਤਰ੍ਹਾਂ ਅੰਬਾਲਾ ਦਾ ਘੱਟੋ ਘੱਟ ਤਾਪਮਾਨ 6.3, ਕਰਨਾਲ ਦਾ 5.7, ਹਿਸਾਰ ਦਾ 3.6 ਡਿਗਰੀ ਰਿਹਾ। ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 6.8 ਡਿਗਰੀ ਦਰਜ ਕੀਤਾ ਗਿਆ।
ਉੱਧਰ ਦਿੱਲੀ ਵਿੱਚ ਅੱਜ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ ਤੇ ਘੱਟੋ ਘੱਟ ਤਾਪਮਾਨ 3.6 ਡਿਗਰੀ ਦਰਜ ਕੀਤਾ ਗਿਆ ਜੋ ਪਿਛਲੇ ਪੰਜ ਸਾਲਾਂ ’ਚ ਸਭ ਤੋਂ ਘੱਟ ਸੀ। ਕੌਮੀ ਰਾਜਧਾਨੀ ਦੇ ਕਈ ਇਲਾਕਿਆਂ ’ਚ ਸੰਘਣੀ ਧੁੰਦ ਵੀ ਛਾਈ ਰਹੀ। ਜੰਮੂ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ ’ਚ ਰਾਤ ਭਰ ਹੋਈ ਹਲਫੀ ਬਰਫਬਾਰੀ ਨਾਲ ਘਾਟੀ ’ਚ ਲੰਮੇ ਸਮੇਂ ਤੋਂ ਚੱਲ ਰਿਹਾ ਖੁਸ਼ਮ ਮੌਸਮ ਦਾ ਦੌਰ ਖਤਮ ਹੋ ਗਿਆ ਹੈ ਤੇ ਕਈ ਥਾਵਾਂ ’ਤੇ ਘੱਟੋ ਘੱਟ ਤਾਪਮਾਨ ’ਚ ਕੁਝ ਵਾਧਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ’ਚ ਲੰਘੀ ਰਾਤ ਇੱਕ ਕਮਜ਼ੋਰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਉੱਤਰੀ ਕਸ਼ਮੀਰ ਦੇ ਗੁਰੇਜ਼ ਸੈਕਟਰ ’ਚ ਹਲਕੀ ਬਰਫਬਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਲੱਦਾਖ ਦੇ ਦਰਾਸ ’ਚ ਵੀ ਬਹੁਤ ਹਲਕੀ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਅਨੁਸਾਰ ਸ੍ਰੀਨਗਰ ’ਚ ਘੱਟੋ ਘੱਟ ਤਾਪਮਾਨ 0.2 ਡਿਗਰੀ ਦਰਜ ਕੀਤਾ ਗਿਆ ਹੈ। ਗੁਲਮਰਗ ਦਾ ਘੱਟੋ ਘੱਟ ਤਾਪਮਾਨ ਮਨਫੀ ਇੱਕ, ਅਨੰਤਨਾਗ ’ਚ ਮਨਫੀ 0.6, ਤੇ ਕਾਜ਼ੀਗੁੰਡ ’ਚ ਮਨਫੀ 2 ਡਿਗਰੀ ਰਿਹਾ।