#PUNJAB

ਉੱਘੇ ਪੱਤਰਕਾਰ ਕੁਲਵੰਤ ਸਿੰਘ ਮਿੰਟੂ ਦਾ ਅਚਾਨਕ ਦਿਹਾਂਤ

ਲੁਧਿਆਣਾ, 12 ਫਰਵਰੀ (ਪੰਜਾਬ ਮੇਲ)- ਪੰਜਾਬ ਕੇਸਰੀ ਦੇ ਪੱਤਰਕਾਰ ਕੁਲਵੰਤ ਸਿੰਘ ਮਿੰਟੂ ਅਚਾਨਕ ਪਰਲੋਕ ਸਿਧਾਰ ਗਏ ਹਨ। ਉਹ 60 ਵਰ੍ਹਿਆਂ ਦੇ ਸਨ। ਪਿਛਲੇ ਕੁੱਝ ਸਮੇਂ ਤੋਂ ਉਹ ਬਿਮਾਰ ਚੱਲੇ ਆ ਰਹੇ ਸਨ। ਉਹ ਆਪਣੇ ਪਿੱਛੇ ਪਤਨੀ, ਇਕ ਬੇਟਾ ਅਤੇ ਇਕ ਬੇਟੀ ਨੂੰ ਰੌਂਦਿਆਂ-ਕੁਰਲਾਉਂਦਿਆਂ ਛੱਡ ਗਏ ਹਨ। ਉਨ੍ਹਾਂ ਦੇ ਸਵਰਗਵਾਸ ਹੋਣ ਨਾਲ ਪੱਤਰਕਾਰੀ ਖੇਤਰ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਿਛਲੇ ਕੁੱਝ ਸਮੇਂ ਤੋਂ ਕੁਲਵੰਤ ਸਿੰਘ ਮਿੰਟੂ ਹੈਬੋਵਾਲ, ਲੁਧਿਆਣਾ ਵਿਖੇ ਆਪਣਾ ਇਕ ਨਿੱਜੀ ਅਖਬਾਰ ਵੀ ਪ੍ਰਕਾਸ਼ਿਤ ਕਰ ਰਹੇ ਸਨ।
ਉਨ੍ਹਾਂ ਨੇ ਆਪਣਾ ਪੱਤਰਕਾਰੀ ਕਰੀਅਰ 1992 ‘ਚ ਗੁਰਜਤਿੰਦਰ ਸਿੰਘ ਰੰਧਾਵਾ ਵੱਲੋਂ ਕੱਢੀ ਜਾਂਦੀ ‘ਪੰਜਾਬ ਮਹਾਨ’ ਅਖਬਾਰ ਤੋਂ ਸ਼ੁਰੂ ਕੀਤਾ। ਸ. ਰੰਧਾਵਾ ਨੇ ਕੁਲਵੰਤ ਸਿੰਘ ਮਿੰਟੂ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਰਿਵਾਰ ਨੂੰ ਭਾਣਾ ਮੰਨਣ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ।