#INDIA

ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿਚ ਰੇਲ ਹਾਦਸੇ ’ਚ 50 ਵਿਅਕਤੀ ਹਲਾਕ; 350 ਜ਼ਖ਼ਮੀ

ਬੰਗਲੂਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਤੇ ਕੋਰੋਮੰਡਲ ਐਕਸਪ੍ਰੈੱਸ ਦੇ ਲੀਹੋਂ ਲੱਥੇ ਡੱਬੇ ਮਾਲ ਗੱਡੀ ਨਾਲ ਟਕਰਾਏ
ਮ੍ਰਿਤਕਾਂ ਦੇ ਵਾਰਸਾਂ ਲਈ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ

ਬਾਲਾਸੌਰ/ਹਾਵੜਾ, 3 ਜੂਨ (ਪੰਜਾਬ ਮੇਲ)- ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿੱਚ ਤਿੰਨ ਵੱਖੋ ਵੱਖਰੀਆਂ ਰੇਲ ਪੱਟੜੀਆਂ ’ਤੇ ਆ ਰਹੀਆਂ ਗੱਡੀਆਂ ਬੰਗਲੂਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ, ਕੋਰੋਮੰਡਲ ਐਕਸਪ੍ਰੈੱਸ ਤੇ ਮਾਲ ਗੱਡੀਆਂ ਦੇ ਵੱਖ ਵੱਖ ਮੌਕਿਆਂ ’ਤੇ ਇਕ ਦੂਜੇ ਨਾਲ ਟਕਰਾਉਣ ਕਰਕੇ ਘੱਟੋ-ਘੱਟ 50 ਵਿਅਕਤੀ ਹਲਾਕ ਤੇ 350 ਹੋਰ ਜ਼ਖਮੀ ਹੋ ਗਏ। ਮੌਤਾਂ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਰੇਲ ਮੰਤਰਾਲੇ ਨੇ ਮ੍ਰਿਤਕਾਂ ਦੇ ਵਾਰਿਸਾਂ ਲਈ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਧਰ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅਧਿਕਾਰੀਆਂ ਨੂੰ ਹਾਦਸੇ ਵਾਲੀ ਥਾਂ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਦੱਖਣ ਪੂਰਬੀ ਰੇਲਵੇ ਅਧਿਕਾਰੀ ਨੇ ਕਿਹਾ ਕਿ ਹਾਦਸਾ ਰਾਹਤ ਰੇਲਗੱਡੀਆਂ ਮੌਕੇ ’ਤੇ ਭੇਜ ਦਿੱਤੀਆਂ ਗਈਆਂ ਹਨ। ਉੜੀਸਾ ਡਿਜ਼ਾਸਟਰ ਰੈਪਿਡ ਐਕਸ਼ਨ ਫੋਰਸ ਦੀਆਂ ਚਾਰ ਯੂਨਿਟਾਂ, ਐੱਨਡੀਆਰਐੱਫ ਦੀਆਂ ਤਿੰਨ ਯੂਨਿਟਾਂ ਤੇ 60 ਐੈਂਬੂਲੈਸਾਂ ਰਾਹਤ ਕਾਰਜਾਂ ਵਿੱਚ ਲੱਗੀਆਂ ਹਨ। ਉੜੀਸਾ ਸਰਕਾਰ ਨੇ ਹਾਦਸੇ ਦੇ ਜ਼ਖ਼ਮੀਆਂ ਤੇ ਮ੍ਰਿਤਕਾਂ ਬਾਰੇ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਰੇਲਵੇ ਅਧਿਕਾਰੀ ਨੇ ਕਿਹਾ ਕਿ ਬੰਗਲੂਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ (12864), ਜੋ ਹਾਵੜਾ ਜਾ ਰਹੀ ਸੀ, ਦੇ ਕੁਝ ਡੱਬੇ ਲੀਹੋਂ ਲੱਥ ਕੇ ਨਾਲ ਦੀ ਪੱਟੜੀ ’ਤੇ ਡਿੱਗ ਗਏ। ਅਧਿਕਾਰੀ ਨੇ ਕਿਹਾ ਕਿ ਲੀਹੋਂ ਲੱਥੇ ਡੱਬੇ ਉਸੇ ਪੱਟੜੀ ’ਤੇ ਆ ਰਹੀ 12841 ਸ਼ਾਲੀਮਾਰ-ਚੇਨੱਈ ਕੋਰੋਮੰਡਲ ਐਕਸਪ੍ਰੈੱਸ ਰੇਲਗੱਡੀ ਨਾਲ ਟਕਰਾਅ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੋਰੋਮੰਡਲ ਐਕਸਪ੍ਰੈੱਸ ਦੇ ਡੱਬੇ ਲੀਹੋਂ ਲੱਥ ਕੇ ਤੀਜੀ ਰੇਲ ਪੱਟੜੀ ’ਤੇ ਜਾ ਡਿੱਗੇ, ਜਿਸ ’ਤੇ ਮਾਲ ਗੱਡੀ ਆ ਰਹੀ ਸੀ। ਮਾਲ ਗੱਡੀ ਨੇ ਵੀ ਰਾਹ ’ਚ ਆਏ ਇਨ੍ਹਾਂ ਡੱਬਿਆਂ ਨੂੰ ਜ਼ੋਰਦਾਰ ਟੱਕਰ ਮਾਰੀ। ਅਧਿਕਾਰੀ ਮੁਤਾਬਕ ਹਾਦਸਾ ਸ਼ਾਮ ਸੱਤ ਵਜੇ ਦੇ ਕਰੀਬ ਹਾਵੜਾ ਤੋਂ 255 ਕਿਲੋਮੀਟਰ ਦੂਰ ਹੋਇਆ।

ਹਾਦਸੇ ਵਾਲੀ ਥਾਂ ’ਤੇ ਰਾਹਤ ਕਾਰਜਾਂ ’ਚ ਜੁਟੀ ਟੀਮ ਤੇ ਇਕੱਤਰ ਸਥਾਨਕ ਲੋਕ।

ਉੜੀਸਾ ਦੇ ਵਿਸ਼ੇਸ਼ ਰਾਹਤ ਕਮਿਸ਼ਨਰ (ਐੱਸਆਰਸੀ) ਸਤਿਆਬ੍ਰਤ ਸਾਹੂ ਨੇ ਦੱਸਿਆ ਕਿ ਹੁਣ ਤੱਕ ਕਈ ਜ਼ਖ਼ਮੀਆਂ ਨੂੰ ਬਾਲਾਸੌਰ ਮੈਡੀਕਲ ਕਾਲਜ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੌਕੇ ’ਤੇ ਹਾਜ਼ਰ ਪੀਟੀਆਈ ਦੇ ਇੱਕ ਪੱਤਰਕਾਰ ਨੇ ਦੱਸਿਆ ਕਿ ਕਈ ਲੋਕ ਲੀਹੋਂ ਉੱਤਰੇ ਡੱਬਿਆਂ ਵਿੱਚ ਫਸੇ ਹੋੲੇ ਹਨ ਅਤੇ ਉਨ੍ਹਾਂ ਨੂੰ ਬਚਾਉਣ ਲਈ ਸਥਾਨਕ ਲੋਕਾਂ ਵੱਲੋਂ ਐਮਰਜੈਂਸੀ ਸੇਵਾਵਾਂ ਕਰਮੀਆਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ, ਪਰ ਹਨੇਰਾ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਮੁਸ਼ਕਲਾਂ ਆ ਰਹੀਆਂ ਹਨ।ਅਧਿਕਾਰੀਆਂ ਨੇ ਦੱਸਿਆ ਕਿ ਉੜੀਸਾ ਡਿਜ਼ਾਸਟਰ ਰੈਪਿਡ ਐਕਸ਼ਨ ਫੋਰਸ (ਓਡੀਆਰਏਐੱਫ) ਦੀਆਂ ਚਾਰ ਅਤੇ ਐੱਨਡੀਆਰਐੱਫ ਦੀਆਂ ਤਿੰਨ ਯੂੁਨਿਟਾਂ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ ਹਨ। ਮੌਕੇ ’ਤੇ 300 ਐਂਬੂਲੈਂਸਾਂ ਵੀ ਮੌਜੂਦ ਹਨ। ਦੱਖਣ ਪੂਰਬੀ ਰੇਲਵੇ ਦੇ ਅਧਿਕਾਰੀ ਨੇ ਦੱਸਿਆ ਕਿ ਰਾਹਤ ਟਰੇਨਾਂ ਘਟਨਾ ਸਥਾਨ ’ਤੇ ਭੇਜੀਆਂ ਗਈਆਂ ਹਨ।

Leave a comment