ਵਾਸ਼ਿੰਗਟਨ, 16 ਜਨਵਰੀ (ਪੰਜਾਬ ਮੇਲ)- ਭਾਰਤੀ-ਅਮਰੀਕੀ ਤੇ ਸੀਨੀਅਰ ਰਿਪਬਲਿਕਨ ਪਾਰਟੀ ਆਗੂ ਨਿੱਕੀ ਹੇਲੀ ਨੇ ਕਿਹਾ ਕਿ ਉਸ ਦੀ ਉਪ ਰਾਸ਼ਟਰਪਤੀ ਬਣਨ ‘ਚ ਕੋਈ ਦਿਲਚਸਪੀ ਨਹੀਂ ਹੈ। ਜ਼ਿਕਰਯੋਗ ਹੈ ਕਿ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਦੀ ਦੌੜ ਵਿਚ ਉਹ ਇਕੋ-ਇਕ ਔਰਤ ਹੈ। ਹੇਲੀ ਨੇ ਕਿਹਾ ਕਿ ਉਹ ਅਗਲੀ ਅਮਰੀਕੀ ਰਾਸ਼ਟਰਪਤੀ ਬਣਨ ਲਈ ਮੁਹਿੰਮ ਚਲਾ ਰਹੀ ਹੈ ਤੇ ‘ਜਿੱਤਣ ਲਈ ਲੜ ਰਹੀ ਹੈ।’ ਹੇਲੀ ਦੀਆਂ ਇਹ ਟਿੱਪਣੀਆਂ ਆਇਓਵਾ ਕਾਕਸ ਤੋਂ ਪਹਿਲਾਂ ਆਈਆਂ ਹਨ, ਜਿੱਥੋਂ ਰਿਪਬਲਿਕਨਾਂ ਤੇ ਡੈਮੋਕਰੈਟਾਂ ਨੇ ਆਪੋ-ਆਪਣੇ ਉਮੀਦਵਾਰ ਚੁਣਨ ਦੀ ਲੰਮੀ ਪ੍ਰਕਿਰਿਆ ਆਰੰਭ ਦਿੱਤੀ ਹੈ। ਰਾਸ਼ਟਰਪਤੀ ਚੋਣਾਂ ਇਸ ਸਾਲ 5 ਨਵੰਬਰ ਨੂੰ ਹੋਣਗੀਆਂ। ਗੌਰਤਲਬ ਹੈ ਕਿ ਨਿਕੀ ਹੇਲੀ ਸਾਊਥ ਕੈਰੋਲੀਨਾ ਦੀ ਗਵਰਨਰ ਰਹਿ ਚੁੱਕੀ ਹੈ। ਰਿਪਬਲਿਕਨਾਂ ਨੇ ਆਇਓਵਾ ਕਾਕਸ ਤੋਂ ਨਵੰਬਰ 2024 ਦੀਆਂ ਚੋਣਾਂ ਲਈ ਉਮੀਦਵਾਰ ਚੁਣਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿੱਥੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਹੇਲੀ ਉਤੇ ਲੀਡ ਬਣਾਈ ਹੋਈ ਹੈ। ਸਰਵੇਖਣ ਮੁਤਾਬਕ ਕਾਕਸ ਵਿਚ ਸ਼ਾਮਲ ਕਰੀਬ 48 ਪ੍ਰਤੀਸ਼ਤ ਰਿਪਬਲਿਕਨ ਟਰੰਪ ਨੂੰ ਉਮੀਦਵਾਰ ਚੁਣਨਗੇ।