ਨਵੀਂ ਦਿੱਲੀ, 12 ਸਤੰਬਰ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਿਹਾ ਕਿ ਉਸ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ 29.75 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਈ.ਡੀ. ਨੇ ਇਕ ਬਿਆਨ ਵਿਚ ਕਿਹਾ ਕਿ ਸਬੰਧਤ ਜਾਇਦਾਦਾਂ ਨੂੰ ਕੁਰਕ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਤਹਿਤ ਇਕ ਅੰਤਿਮ ਆਦੇਸ਼ ਜਾਰੀ ਕੀਤਾ ਹੈ। ਕੁਰਕ ਜਾਇਦਾਦਾਂ ਵਿਚ ਬੈਂਕ ਜਮ੍ਹਾਂ, ਜ਼ਮੀਨ ਅਤੇ ਭਵਨ ਸ਼ਾਮਲ ਹਨ। ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨਾਲ ਦੋ ਅਰਬ ਡਾਲਰ ਦੀ ਕਥਿਤ ਧੋਖਾਧੜੀ ਦੇ ਮਾਮਲੇ ਦੀ ਪੰਜ ਸਾਲ ਤੋਂ ਵੱਧ ਸਮੇਂ ਤੋਂ ਜਾਂਚ ਕਰ ਰਹੀ ਏਜੰਸੀ ਇਸ ਤੋਂ ਪਹਿਲਾਂ ਨੀਰਵ ਮੋਦੀ ਦੀ ਭਾਰਤ ਅਤੇ ਵਿਦੇਸ਼ ਸਥਿਤ 2,596 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ।