#INDIA

ਈ.ਡੀ. ਵੱਲੋਂ ਅਲ ਫਲਾਹ ਯੂਨੀਵਰਸਿਟੀ ਦੀ 140 ਕਰੋੜ ਦੀ ਜਾਇਦਾਦ ਕੁਰਕ; ਚਾਰਜਸ਼ੀਟ ਦਾਖ਼ਲ

-ਲਾਲ ਕਿਲ੍ਹੇ ਦੇ ਧਮਾਕੇ ਮਗਰੋਂ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ ‘ਤੇ ਸੀ ਸੰਸਥਾ
ਨਵੀਂ ਦਿੱਲੀ, 16 ਜਨਵਰੀ (ਪੰਜਾਬ ਮੇਲ)- ਐੱਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਹਰਿਆਣਾ ਸਥਿਤ ਅਲ ਫਲਾਹ ਯੂਨੀਵਰਸਿਟੀ ਦੀ ਲਗਭਗ 140 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਹੈ। ਇਹ ਕਾਰਵਾਈ 10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹਾ ਇਲਾਕੇ ਵਿਚ ਹੋਏ ਧਮਾਕੇ ਤੋਂ ਬਾਅਦ ਸ਼ੁਰੂ ਹੋਈ ਜਾਂਚ ਦੇ ਸਿਲਸਿਲੇ ਵਿਚ ਕੀਤੀ ਗਈ ਹੈ।
ਈ.ਡੀ. ਨੇ ਫਰੀਦਾਬਾਦ ਦੇ ਧੌਜ ਇਲਾਕੇ ਵਿਚ ਸਥਿਤ ਯੂਨੀਵਰਸਿਟੀ ਦੀ 54 ਏਕੜ ਜ਼ਮੀਨ, ਇਮਾਰਤਾਂ ਅਤੇ ਹੋਸਟਲਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਤਹਿਤ ਜ਼ਬਤ ਕੀਤਾ ਹੈ। ਇਸ ਦੇ ਨਾਲ ਹੀ ਅਲ ਫਲਾਹ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ ਅਤੇ ਉਨ੍ਹਾਂ ਦੇ ਟਰੱਸਟ ਵਿਰੁੱਧ ਅਦਾਲਤ ਵਿਚ ਚਾਰਜਸ਼ੀਟ ਵੀ ਦਾਖ਼ਲ ਕਰ ਦਿੱਤੀ ਗਈ ਹੈ। ਸਿੱਦੀਕੀ ਨੂੰ ਪਹਿਲਾਂ ਹੀ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਜਾਂਚ ਏਜੰਸੀ ਦਾ ਦਾਅਵਾ ਹੈ ਕਿ ਸਿੱਦੀਕੀ ਦੇ ਨਿਰਦੇਸ਼ਾਂ ਹੇਠ ਯੂਨੀਵਰਸਿਟੀ ਅਤੇ ਟਰੱਸਟ ਨੇ ਮਾਨਤਾ ਪ੍ਰਾਪਤ ਹੋਣ ਦੇ ਝੂਠੇ ਦਾਅਵੇ ਕਰਕੇ ਵਿਦਿਆਰਥੀਆਂ ਅਤੇ ਮਾਪਿਆਂ ਤੋਂ ਲਗਭਗ 415.10 ਕਰੋੜ ਰੁਪਏ ਇਕੱਠੇ ਕੀਤੇ ਸਨ, ਜਿਸ ਨੂੰ ਈ.ਡੀ. ਨੇ ‘ਅਪਰਾਧ ਦੀ ਕਮਾਈ’ ਕਰਾਰ ਦਿੱਤਾ ਹੈ।
ਯੂਨੀਵਰਸਿਟੀ ਦਾ ਨਾਂ ਉਸ ਸਮੇਂ ਚਰਚਾ ਵਿਚ ਆਇਆ, ਜਦੋਂ ਕੌਮੀਂ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਇੱਕ ਅੱਤਵਾਦੀ ਮਾਡਿਊਲ ਦੀ ਜਾਂਚ ਦੌਰਾਨ ਇੱਥੋਂ ਦੇ ਇੱਕ ਡਾਕਟਰ, ਉਮਰ-ਉਨ-ਨਬੀ ਦਾ ਨਾਂ ਸਾਹਮਣੇ ਆਇਆ।
ਇਲਜ਼ਾਮ ਹੈ ਕਿ ਉਹੀ ਡਾਕਟਰ 10 ਨਵੰਬਰ ਨੂੰ ਲਾਲ ਕਿਲ੍ਹੇ ਦੇ ਬਾਹਰ ਹੋਏ ਆਤਮਘਾਤੀ ਕਾਰ ਧਮਾਕੇ ਵਿਚ ਸ਼ਾਮਲ ਸੀ। ਹਾਲਾਂਕਿ, ਏਜੰਸੀ ਨੇ ਭਰੋਸਾ ਦਿੱਤਾ ਹੈ ਕਿ ਜਾਇਦਾਦ ਕੁਰਕ ਹੋਣ ਦੇ ਬਾਵਜੂਦ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਪ੍ਰਸ਼ਾਸਨ ਲਈ ਸਰਕਾਰੀ ਰਿਸੀਵਰ ਨਿਯੁਕਤ ਕੀਤਾ ਜਾ ਸਕਦਾ ਹੈ।