-ਈਰਾਨ ਨੇ ਇਜ਼ਰਾਈਲ ‘ਤੇ ਦਾਗੀਆਂ ਕਈ ਮਿਜ਼ਾਈਲਾਂ
ਤਹਿਰਾਨ, 18 ਜੂਨ (ਪੰਜਾਬ ਮੇਲ)- ਈਰਾਨ ਅਤੇ ਇਜ਼ਰਾਈਲ ਵਿਚਾਲੇ ਟਕਰਾਅ ਦਰਮਿਆਨ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਨੇ ਬੁੱਧਵਾਰ ਨੂੰ ਜੰਗ ਦਾ ਐਲਾਨ ਕਰਦੇ ਹੋਏ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ, ”ਹੈਦਰ ਦੇ ਨਾਂ ‘ਤੇ ਜੰਗ ਸ਼ੁਰੂ ਹੁੰਦੀ ਹੈ। ਅਸੀਂ ਅੱਤਵਾਦੀ ਯਹੂਦੀ ਸ਼ਾਸਨ ਨੂੰ ਸਖ਼ਤ ਜਵਾਬ ਦੇਵਾਂਗੇ।” ਇਸ ਤੋਂ ਬਾਅਦ ਈਰਾਨ ਨੇ ਇਜ਼ਰਾਈਲ ਦੇ ਵੱਖ-ਵੱਖ ਸ਼ਹਿਰਾਂ ‘ਤੇ 25 ਦੇ ਕਰੀਬ ਮਿਜ਼ਾਈਲਾਂ ਦਾਗੀਆਂ।
ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧ ਪੂਰਬ ਵਿਚ ਹੋਰ ਲੜਾਕੂ ਜਹਾਜ਼ ਭੇਜਣ ਦੇ ਆਦੇਸ਼ ਦਿੱਤੇ ਹਨ। ਵ੍ਹਾਈਟ ਹਾਊਸ ਵਿਖੇ ਰਾਸ਼ਟਰੀ ਸੁਰੱਖਿਆ ਟੀਮ ਨਾਲ ਮੀਟਿੰਗ ਤੋਂ ਬਾਅਦ ਟਰੰਪ ਨੇ ਈਰਾਨ ਤੋਂ ”ਬਿਨਾਂ ਸ਼ਰਤ ਆਤਮ-ਸਮਰਪਣ” ਦੀ ਮੰਗ ਕੀਤੀ ਅਤੇ ਤਹਿਰਾਨ ਦੇ ਨਿਵਾਸੀਆਂ ਨੂੰ ਸ਼ਹਿਰ ਛੱਡਣ ਦੀ ਅਪੀਲ ਕੀਤੀ।
ਇਸ ਟਕਰਾਅ ਵਿਚ ਆਪਣੀ ਭੂਮਿਕਾ ਨੂੰ ਵਧਾਉਂਦੇ ਹੋਏ ਅਮਰੀਕਾ ਨੇ ਹਿੰਦ ਮਹਾਸਾਗਰ ਵਿਚ ਡਿਏਗੋ ਗਾਰਸੀਆ ਬੇਸ ‘ਤੇ 6 ਬੀ-52 ਬੰਬਾਰ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ ਅਮਰੀਕਾ ਈਰਾਨ ਦੇ ਫੋਰਡੋ ਨਿਊਕਲੀਅਰ ਸੈਂਟਰ ‘ਤੇ ਬੰਕਰ-ਬਸਟਰ ਬੰਬਾਂ ਨਾਲ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਪਿਛਲੇ ਦਿਨਾਂ ਤੋਂ ਚੱਲ ਰਹੇ ਇਸ ਟਕਰਾਅ ਵਿਚ ਈਰਾਨ ਵਿਚ 600 ਦੇ ਕਰੀਬ ਲੋਕ ਮਾਰੇ ਗਏ ਹਨ ਅਤੇ 1300 ਤੋਂ ਵੱਧ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਇਜ਼ਰਾਈਲ ਵਿਚ 24 ਲੋਕ ਮਾਰੇ ਗਏ ਹਨ ਅਤੇ 600 ਤੋਂ ਵੱਧ ਜ਼ਖਮੀ ਹੋਏ ਹਨ।
ਇਸ ਟਕਰਾਅ ਵਿਚ ਕਈ ਚੋਟੀ ਦੇ ਈਰਾਨੀ ਫੌਜੀ ਕਮਾਂਡਰ ਵੀ ਮਾਰੇ ਗਏ ਹਨ, ਜਿਨ੍ਹਾਂ ਵਿਚ ਜਨਰਲ ਮੁਹੰਮਦ ਬਘੇਰੀ, ਹੁਸੈਨ ਸਲਾਮੀ ਅਤੇ ਅਮੀਰ ਅਲੀ ਹਾਜੀਜ਼ਾਦੇਹ ਸ਼ਾਮਲ ਹਨ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਇੱਕ ਭੂਮੀਗਤ ਕਮਾਂਡ ਸੈਂਟਰ ‘ਤੇ ਹਮਲੇ ਵਿਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਦੀ ਜ਼ਿਆਦਾਤਰ ਲੀਡਰਸ਼ਿਪ ਮਾਰੀ ਗਈ ਹੈ।
ਇਸ ਟਕਰਾਅ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਈਰਾਨ ਨੂੰ ਆਪਣੇ ਸਹਿਯੋਗੀਆਂ, ਜਿਵੇਂ ਕਿ ਹਿਜ਼ਬੁੱਲਾ ਅਤੇ ਹਮਾਸ ਤੋਂ ਸਮਰਥਨ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਈਰਾਨ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਆਪਣੀ ਫੌਜੀ ਕਾਰਵਾਈ ਜਾਰੀ ਰੱਖਦਾ ਹੈ, ਤਾਂ ਉਹ ਪ੍ਰਮਾਣੂ ਗੈਰ-ਪ੍ਰਸਾਰ ਸੰਧੀ (ਐੱਨ.ਪੀ.ਟੀ.) ਤੋਂ ਬਾਹਰ ਹੋ ਸਕਦਾ ਹੈ।
ਈਰਾਨੀ ਸੁਪਰੀਮ ਲੀਡਰ ਖਾਮਨੇਈ ਵੱਲੋਂ ਜੰਗ ਦਾ ਐਲਾਨ
