#INDIA

ਇੱਕ ਦਹਾਕੇ ਵਿਚ ਪਹਿਲੀ ਵਾਰ ਪਾਕਿਸਤਾਨ ਪਹੁੰਚੇ ਭਾਰਤੀ ਵਿਦੇਸ਼ ਮੰਤਰੀ

ਨਵੀਂ ਦਿੱਲੀ, 16 ਅਕਤੂਬਰ (ਪੰਜਾਬ ਮੇਲ)- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕਰੀਬ ਇੱਕ ਦਹਾਕੇ ਵਿਚ ਆਪਣੀ ਪਹਿਲੀ ਪਾਕਿਸਤਾਨ ਯਾਤਰਾ ‘ਤੇ ਇਸਲਾਮਾਬਾਦ ਪਹੁੰਚੇ। ਉਹ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਬੈਠਕ ‘ਚ ਹਿੱਸਾ ਲੈਣ ਗਏ ਹਨ।
ਭਾਰਤ ਅਤੇ ਪਾਕਿਸਤਾਨ ਦੇ ਠੰਡੇ ਰਿਸ਼ਤਿਆਂ ਦੇ ਵਿਚਕਾਰ, ਪਿਛਲੇ ਇੱਕ ਦਹਾਕੇ ਵਿਚ ਭਾਰਤ ਦਾ ਕੋਈ ਵੀ ਵਿਦੇਸ਼ੀ ਪਾਕਿਸਤਾਨ ਨਹੀਂ ਗਿਆ ਹੈ। ਹਾਲਾਂਕਿ ਪਿਛਲੇ ਸਾਲ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਭਾਰਤ ਵਿਚ ਹੋਈ ਐੱਸ.ਸੀ.ਓ. ਮੀਟਿੰਗ ਵਿਚ ਹਿੱਸਾ ਲੈਣ ਲਈ ਭਾਰਤ ਆਏ ਸਨ। ਜੈਸ਼ੰਕਰ ਦੀ ਇਸ ਫੇਰੀ ਨੂੰ ਉਸੇ ਦਾ ਨਤੀਜਾ ਮੰਨਿਆ ਜਾ ਰਿਹਾ ਹੈ।
ਇਸਲਾਮਾਬਾਦ ਪਹੁੰਚੇ ਜੈਸ਼ੰਕਰ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਹੱਥ ਮਿਲਾਇਆ ਅਤੇ ਸੰਖੇਪ ਗੱਲਬਾਤ ਕੀਤੀ। ਇਹ ਮੁਲਾਕਾਤ ਉਦੋਂ ਹੋਈ, ਜਦੋਂ ਸ਼ਰੀਫ ਸੰਮੇਲਨ ਤੋਂ ਪਹਿਲਾਂ ਰਾਤ ਦੇ ਖਾਣੇ ‘ਤੇ ਐੱਸ.ਸੀ.ਓ. ਨੇਤਾਵਾਂ ਦਾ ਸਵਾਗਤ ਕਰ ਰਹੇ ਸਨ। ਹਾਲਾਂਕਿ, ਦੋਵਾਂ ਧਿਰਾਂ ਨੇ ਕਿਹਾ ਹੈ ਕਿ ਦੁਵੱਲੀ ਮੀਟਿੰਗ ਦੀ ਕੋਈ ਯੋਜਨਾ ਨਹੀਂ ਹੈ।
ਇਸਲਾਮਾਬਾਦ ਵਿਚ ਹੋ ਰਹੀ ਇਸ ਮੀਟਿੰਗ ਵਿਚ ਹਿੱਸਾ ਲੈਣ ਲਈ ਕਰੀਬ ਇੱਕ ਦਰਜਨ ਆਗੂ ਪਾਕਿਸਤਾਨ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਅਤੇ ਰੂਸ ਦੇ ਮਿਖਾਇਲ ਮਿਸ਼ੁਸਤੀਨ ਸ਼ਾਮਲ ਹਨ। ਕਿਰਗਿਸਤਾਨ, ਤਜ਼ਾਕਿਸਤਾਨ, ਕਜ਼ਾਕਿਸਤਾਨ, ਬੇਲਾਰੂਸ ਅਤੇ ਮੰਗੋਲੀਆ ਦੇ ਪ੍ਰਧਾਨ ਮੰਤਰੀ ਵੀ ਇਸਲਾਮਾਬਾਦ ਆ ਚੁੱਕੇ ਹਨ।
ਬੈਠਕ ‘ਚ ਅਰਥਵਿਵਸਥਾ ਅਤੇ ਵਪਾਰ ਦੇ ਖੇਤਰ ‘ਚ ਸਹਿਯੋਗ ‘ਤੇ ਚਰਚਾ ਕੀਤੀ ਜਾਵੇਗੀ। ਨਿਰੀਖਕਾਂ ਦਾ ਮੰਨਣਾ ਹੈ ਕਿ ਐੱਸ.ਸੀ.ਓ. ਦਾ ਉਦੇਸ਼ ਖੇਤਰ ਵਿਚ ਪੱਛਮੀ ਪ੍ਰਭਾਵ ਦਾ ਮੁਕਾਬਲਾ ਕਰਨਾ ਹੈ।