#INDIA

ਇੰਦੌਰ ਦੇ ਹੋਟਲ ‘ਚ ਮਿਲੀ ਅਮਰੀਕੀ ਨਾਗਰਿਕ ਦੀ ਲਾਸ਼

ਇੰਦੌਰ, 3 ਸਤੰਬਰ (ਪੰਜਾਬ ਮੇਲ)- ਮੱਧ ਪ੍ਰਦੇਸ਼ ਦੇ ਇੰਦੌਰ ‘ਚ ਹੋਟਲ ਰੈਡੀਸਨ ‘ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਅਮਰੀਕਾ ਤੋਂ ਆਏ ਇਕ ਪ੍ਰੋਫੈਸਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਿਕਾਗੋ ਦਾ ਰਹਿਣ ਵਾਲਾ ਵਿਲੀਅਮ ਮਾਈਕਲ ਰੇਨੋਲਡਸ 30 ਅਗਸਤ ਤੋਂ ਹੋਟਲ ਦੇ ਕਮਰਾ ਨੰਬਰ 202 ਵਿਚ ਠਹਿਰਿਆ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਐੱਮ.ਵਾਈ. ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਲੀਅਮ ਐਤਵਾਰ ਨੂੰ ਰਾਤ ਦਾ ਖਾਣਾ ਖਾਣ ਤੋਂ ਬਾਅਦ ਕਮਰੇ ਵਿਚ ਸੌਣ ਲਈ ਚਲਾ ਗਿਆ ਸੀ। ਸਵੇਰੇ ਹੋਟਲ ਦਾ ਸਟਾਫ ਸਵੇਰ ਦੀ ਕੌਫੀ ਸਰਵ ਕਰਨ ਲਈ ਪਹੁੰਚਿਆ। ਖੜਕਾਉਣ ਦੇ ਬਾਵਜੂਦ ਵਿਲੀਅਮ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਦੋ ਘੰਟੇ ਤੱਕ ਕਮਰੇ ਵਿਚੋਂ ਕੋਈ ਜਵਾਬ ਨਾ ਆਇਆ, ਤਾਂ ਹੋਟਲ ਸਟਾਫ ਨੇ ਵਿਜੇ ਨਗਰ ਪੁਲਿਸ ਨੂੰ ਸੂਚਿਤ ਕੀਤਾ।
ਅਮਰੀਕੀ ਪ੍ਰੋਫੈਸਰ ਯੂਨੀਵਰਸਿਟੀ ਐਕਸਚੇਂਜ ਪ੍ਰੋਗਰਾਮ ਤਹਿਤ ਇੰਦੌਰ ਆਏ ਸਨ। ਐਡੀਸ਼ਨਲ ਡੀ.ਸੀ.ਪੀ. ਰਾਜੇਸ਼ ਡੰਡੋਟੀਆ ਨੇ ਦੱਸਿਆ ਕਿ ਲਾਸ਼ ਰੈਡੀਸਨ ਹੋਟਲ ਤੋਂ ਬਰਾਮਦ ਕੀਤੀ ਗਈ ਹੈ। ਸਟਾਫ ਨੇ ਘਟਨਾ ਦੀ ਸੂਚਨਾ ਵਿਜੇ ਨਗਰ ਥਾਣੇ ‘ਚ ਦਿੱਤੀ ਸੀ।
ਮੌਕੇ ‘ਤੇ ਪਹੁੰਚੇ ਏ.ਸੀ.ਪੀ. ਵਿਜੇਨਗਰ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਤਵਾਰ ਨੂੰ ਜਦੋਂ ਵਿਲੀਅਮ ਬੀਮਾਰ ਹੋ ਗਿਆ, ਤਾਂ ਉਸ ਨੇ ਬੰਬੇ ਹਸਪਤਾਲ ਜਾ ਕੇ ਚੈੱਕਅਪ ਕਰਵਾਇਆ। ਅਜਿਹੇ ‘ਚ ਹੁਣ ਅਮਰੀਕੀ ਪ੍ਰੋਫੈਸਰ ਦੀ ਮੌਤ ਦੇ ਕਾਰਨਾਂ ਦਾ ਪਤਾ ਪੋਸਟ ਮਾਰਟਮ ਰਿਪੋਰਟ ਤੋਂ ਹੀ ਲੱਗੇਗਾ।