ਸਰੀ, 4 ਜੁਲਾਈ (ਹਰਦਮ ਮਾਨ/ਪੰਜਾਬ ਮੇਲ)- ਇੰਡੋ ਕੈਨੇਡੀਅਨ ਸੀਨੀਅਰਜ਼ ਸੈਂਟਰ ਸਰੀ ਵੱਲੋਂ ‘ਕੈਨੇਡਾ ਡੇ’ ਉੱਪਰ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਹਰਪਾਲ ਸਿੰਘ ਬਰਾੜ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਵਿਚ ਕੈਨੇਡਾ ਦਾ ਝੰਡਾ ਲਹਿਰਾਇਆ ਗਿਆ ਅਤੇ ਫਿਰ ‘ਓ-ਕੈਨੇਡਾ’ ਦੇ ਸੰਗੀਤ ਨਾਲ ਸਾਰਾ ਹਾਲ ਗੂੰਜ ਉੱਠਿਆ। ਅਜਮੇਰ ਸਿੰਘ ਵਕੀਲ ਨੇ ਕੈਨੇਡਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਮੌਕੇ ਹੋਏ ਕਵੀ ਦਰਬਾਰ ਵਿਚ ਅਮਰੀਕ ਸਿੰਘ ਲੇਹਲ, ਹਰਚੰਦ ਸਿੰਘ ਗਿੱਲ, ਬੀਬੀ ਦਵਿੰਦਰ ਕੌਰ ਜੌਹਲ, ਮਨਜੀਤ ਸਿੰਘ ਮੱਲ੍ਹਾ ਨੇ ਖੂਬ ਰੰਗ ਬੰਨ੍ਹਿਆਂ। ਕੁਲਦੀਪ ਮਾਣਕ ਦੇ ਲੰਮਾਂ ਸਮਾਂ ਰਹੇ ਸਾਥੀ ਸੁਰਿੰਦਰ ਭਲਵਾਨ ”ਰਕਬਾ” ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਸੁਣਾਈ। ਸੈਂਟਰ ਵੱਲੋਂ ਮਹਿੰਦਰ ਸਿੰਘ ਧਾਲੀਵਾਲ ਅਤੇ ਸੰਤਾ ਸਿੰਘ ਮੋਮੀ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਹਰਚੰਦ ਸਿੰਘ ਗਿੱਲ ਨੇ ਨਿਭਾਈ। ਅੰਤ ਵਿਚ ਜਨਰਲ ਸਕੱਤਰ ਕ੍ਰਿਪਾਲ ਸਿੰਘ ਜੌਹਲ ਨੇ ਸ਼ਾਮਲ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।