#CANADA

ਇੰਡੋ ਕੈਨੇਡੀਅਨ ਡਰਾਈਵਰ ਨਸ਼ੀਲਾ ਪਦਾਰਥ ਮਿਲਣ ਤੋਂ ਬਾਅਦ arrest

-ਟਰੱਕ ‘ਚੋਂ ਮਿਲਿਆ 406.2 ਕਿਲੋਗ੍ਰਾਮ
ਟੋਰਾਂਟੋ, 1 ਫਰਵਰੀ (ਪੰਜਾਬ ਮੇਲ)- 29 ਸਾਲਾ ਇਕ ਇੰਡੋ-ਕੈਨੇਡੀਅਨ ਡਰਾਈਵਰ ਨੂੰ ਸਰਹੱਦੀ ਅਧਿਕਾਰੀਆਂ ਨੇ ਉਸਦੇ ਵਪਾਰਕ ਟਰੱਕ ਦੇ ਅੰਦਰੋਂ ਵੱਡੇ ਸੂਟਕੇਸ ਵਿਚੋਂ 406.2 ਕਿਲੋਗ੍ਰਾਮ ਨਸ਼ੀਲਾ ਪਦਾਰਥ (ਮੈਥਾਮਫੇਟਾਮਾਈਨ) ਮਿਲਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਸੀ.ਬੀ.ਸੀ. ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਵਿਨੀਪੈਗ ਤੋਂ ਕੋਮਲਪ੍ਰੀਤ ਸਿੱਧੂ ਨੂੰ ਮੈਨੀਟੋਬਾ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਨੇ 14 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ‘ਤੇ 2 ਦੋਸ਼ ਹਨ, ਜਿਸ ਵਿਚ ਮੈਥਾਮਫੇਟਾਮਾਈਨ ਦੀ ਦਰਾਮਦ ਅਤੇ ਤਸਕਰੀ ਲਈ ਇੱਕ ਨਿਯੰਤਰਿਤ ਪਦਾਰਥ ਰੱਖਣਾ, ਜਿਸ ਨੂੰ ਅਧਿਕਾਰੀਆਂ ਨੇ ਪ੍ਰੇਰੀਜ਼ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੱਸਿਆ ਹੈ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਦੇ ਕੇਨ ਮੈਕਗ੍ਰੇਗਰ ਨੇ ਵਿਨੀਪੈਗ ‘ਚ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਟਰੱਕ, ਜੋ ਵਿਨੀਪੈਗ ਜਾ ਰਿਹਾ ਸੀ, ਦੀ ਬੋਇਸਵੇਨ ਪੋਰਟ ਆਫ ਐਂਟਰੀ ‘ਤੇ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਟਰੱਕ ਵਿਚ ਸੂਟਕੇਸ ਦੇ ਅੰਦਰੋਂ 200 ਵੱਖ-ਵੱਖ ਤੌਰ ‘ਤੇ ਲਪੇਟੇ ਪੈਕੇਜ ਮਿਲੇ, ਜਿਨ੍ਹਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ।
ਇਕ ਡਵੀਜ਼ਨ ਇੰਟੈਲੀਜੈਂਸ ਅਫਸਰ ਇੰਸਪੈਕਟਰ ਜੋਅ ਟੇਲਸ ਨੇ ਕਿਹਾ ਕਿ ਇਹ ਟਰੱਕ ਅਮਰੀਕਾ ਤੋਂ ਆਇਆ ਸੀ, ਅਤੇ ਸੰਭਾਵਿਤ ਤੌਰ ‘ਤੇ ਨਸ਼ੀਲੇ ਪਦਾਰਥਾਂ ਨੂੰ ਮੈਨੀਟੋਬਾ, ਪੱਛਮੀ ਕੈਨੇਡਾ ਅਤੇ ਓਨਟਾਰੀਓ ਵਿਚ ਥਾਵਾਂ ‘ਤੇ ਵੰਡਿਆ ਗਿਆ ਹੋਵੇਗਾ। ਉਨ੍ਹਾਂ ਅਨੁਸਾਰ, ਟਰੱਕ ਮੈਨੀਟੋਬਾ ਸੂਬੇ ਵਿਚ ਸਥਿਤ ਇਕ ਵਪਾਰਕ ਟਰੱਕਿੰਗ ਕੰਪਨੀ ਨਾਲ ਜੁੜਿਆ ਹੋਇਆ ਹੈ। ਟੇਲਸ ਨੇ ਅੱਗੇ ਕਿਹਾ ਕਿ ਖੇਪ ਦਾ ਆਕਾਰ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸੰਗਠਿਤ ਅਪਰਾਧ ਵਿਚ ਸ਼ਾਮਲ ਨਸ਼ਿਆਂ ਦੀ ਆਵਾਜਾਈ ਦਾ ਸੁਝਾਅ ਦਿੰਦਾ ਹੈ।