#CANADA

ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਵੱਲੋਂ ‘ਸਪੋਰਟਸ ਮੀਟ 2024’ ਦੇ ਜੇਤੂਆਂ ਨੂੰ ਐਵਾਰਡ ਦੇਣ ਲਈ ਸ਼ਾਨਦਾਰ ਸਮਾਗਮ

ਸਰੀ, 18 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਵੱਲੋਂ ਬੀਤੇ ਦਿਨੀਂ ਕਰਵਾਈ ਗਈ ‘ਇੰਟਰ ਕਾਲਜ ਸਪੋਰਟਸ ਮੀਟ 2024’ ਦੇ ਜੇਤੂਆਂ ਨੂੰ ਐਵਾਰਡ ਪ੍ਰਦਾਨ ਕਰਨ ਲਈ ਇਕ ਵਿਸ਼ੇਸ਼ ਸਮਾਗਮ ਇੱਥੇ ਸਰੀ ਸਿਟੀ ਹਾਲ ਵਿੱਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿਚ ਪੁੱਜੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ, ਖਿਡਾਰੀਆਂ ਤੋਂ ਇਲਾਵਾ ਬੀਸੀ ਦੇ ਵਪਾਰ ਮੰਤਰੀ ਜਗਰੂਪ ਬਰਾੜ, ਪਿਕਸ ਦੇ ਸੀਈਓ ਸਤਬੀਰ ਸਿੰਘ ਚੀਮਾ, ਸਰੀ ਸਿਟੀ ਕੌਂਸਲ ਦੇ ਮੇਅਰ ਬ੍ਰੈਂਡਾ ਲੌਕ, ਮੀਡੀਆ ਡਾਇਰੈਕਟਰ ਪ੍ਰਭਜੋਤ ਕਾਹਲੋਂ, ਬਾਈਲਾਅ ਆਫੀਸਰ ਗੈਰੀ ਸਿੰਘ, ਬੀ ਸੀ ਯੁਨਾਈਟਡ ਦੇ ਮੀਡੀਆ ਡਾਇਰੈਕਟਰ ਨੈਵ ਚਾਹਲ, ਐਡਵੋਕੇਟ ਨਈਆ ਗਿੱਲ, ਦੇਸ ਪ੍ਰਦੇਸ਼ ਟਾਈਮਜ ਦੇ ਮੁੱਖ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਬੀ ਸੀ ਕੰਸਰਵੇਟਿਵ ਉਮੀਦਵਾਰ ਤੇਗਜੋਤ ਬੱਲ, ਜੋਡੀ ਤੂਰ, ਮਨਦੀਪ ਧਾਲੀਵਾਲ, ਬੀ ਸੀ ਯੁਨਾਈਟਡ ਦੇ ਅੰਮ੍ਰਿਤਪਾਲ ਸਿੰਘ ਢੋਟ, ਰੇਡੀਓ ਹੋਸਟ ਹਰਜੀਤ ਸਿੰਘ ਗਿੱਲ, ਕਮਿਊਨਿਟੀ ਐਂਡ ਮੀਡੀਆ ਰਿਲੇਸ਼ਨ ਦੇ ਡਾਇਰੈਕਟਰ ਹਾਰੁਨ ਗ਼ੱਫ਼ਾਰ, ਉਘੇ ਕਵੀ ਤੇ ਪੱਤਰਕਾਰ ਹਰਦਮ ਸਿੰਘ ਮਾਨ ਤੇ ਹੋਰ ਕਈ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਤੇ ਕੌਮਾਂਤਰੀ ਵਿਦਆਰਥੀਆਂ ਵੱਲੋਂ ਸਿੱਖਿਆ ਤੇ ਪੜ੍ਹਾਈ ਦੇ ਖੇਤਰ ਵਿਚ ਬੁਲੰਦੀਆਂ ਲਈ ਸ਼ੁਭ ਕਾਮਨਾਵਾਂ ਅਤੇ ਸਫਲ ਖੇਡ ਟੂਰਨਾਮੈਂਟ ਕਰਵਾਉਣ ਲਈ ਮੁਬਾਰਕਬਾਦ ਦਿੱਤੀ।
ਇਨ੍ਹਾਂ ਆਗੂਆਂ ਨੇ ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਦੇ ਇਸ ਜਸ਼ਨ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਖੇਡਾਂ ਸਾਡੀ ਜ਼ਿੰਦਗੀ ਵਿਚ ਬੜਾ ਅਹਿਮ ਰੋਲ ਅਦਾ ਕਰਦੀਆਂ ਹਨ। ਖੇਡਾਂ ਸਾਨੂੰ ਸਫਲ ਹੋਣ ਦਾ ਰਾਹ ਦਰਸਾਉਂਦੀਆਂ ਹਨ। ਇਕ ਚੰਗਾ ਖਿਡਾਰੀ ਜ਼ਿੰਦਗੀ ਦੇ ਹਰ ਖੇਤਰ ਵਿਚ ਕਾਮਯਾਬੀ ਹਾਸਲ ਕਰ ਸਕਦਾ ਹੈ। ਬੁਲਾਰਿਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਦੁਨੀਆਂ ਦੇ ਇਕ ਬਿਹਤਰ ਦੇਸ਼ ਵਿਚ ਆਏ ਹੋ। ਇਹ ਦੇਸ਼ ਆਪਣੇ ਸਿਸਟਮ ਤੇ ਈਮਾਨਦਾਰੀ ਨਾਲ ਸਫਲ ਹੋਣ ਲਈ ਹਰ ਇਕ ਨੂੰ ਅਨੇਕਾਂ ਮੌਕੇ ਪ੍ਰਦਾਨ ਕਰਦਾ ਹੈ।
ਇਹ ਸਮਾਗਮ ਦੌਰਾਨ ਸਪੋਰਟਸ ਮੀਟ ਵਿਚ ਜੇਤੂ ਰਹੇ ਖਿਡਾਰੀਆਂ ਅਤੇ ਵੱਖ ਵੱਖ ਖੇਡਾਂ ਦੀਆਂ ਟੀਮਾਂ ਨੂੰ ਮੈਡਲ ਤੇ ਤੋਹਫੇ ਨਾਲ ਦੇ ਕੇ ਉਤਸ਼ਾਹਿਤ ਕੀਤਾ ਗਿਆ। ‘ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ’ ਨੂੰ ਓਵਰਆਲ ਟਰਾਫੀ ਪ੍ਰਦਾਨ ਕੀਤੀ ਗਈ। ਇਸ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਇਹਨਾਂ ਖੇਡਾਂ ਵਿੱਚ 11 ਗੋਲਡ ਮੈਡਲ, 13 ਸਿਲਵਰ ਮੈਡਲ ਅਤੇ 9 ਕਾਂਸੀ ਦੇ ਮੈਡਲ ਪ੍ਰਾਪਤ ਕੀਤੇ। ਓਵਰਆਲ ਟਰਾਫੀ ਦੇ ਦੂਜੇ ਸਥਾਨ ‘ਤੇ ਰਹੇ ‘ਐਕਸਲ ਕੈਰੀਅਰ ਕਾਲਜ’ ਦੇ ਖਿਡਾਰੀਆਂ ਨੇ ਇਹਨਾਂ ਖੇਡਾਂ ਵਿੱਚ ਸੋਨੇ ਦੇ 7, ਚਾਂਦੀ ਦੇ 2 ਅਤੇ ਕਾਂਸੀ ਦੇ 2 ਤਮਗੇ ਹਾਸਲ ਕੀਤੇ। ਤੀਜੇ ਸਥਾਨ ‘ਤੇ ਜੇਤੂ ਰਹੇ ‘ਵੈਸਟਰਨ ਕਮਿਊਨਿਟੀ ਕਾਲਜ’ ਦੇ ਖਿਡਾਰੀਆਂ ਨੇ ਇਹਨਾਂ ਖੇਡਾਂ ਵਿੱਚ 8 ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤਿਆ। ਜ਼ਿਕਰਯੋਗ ਹੈ ਕਿ ਦੱਸਿਆ ਕਿ ਇੰਟਰ-ਕਾਲਜ ਸਪੋਰਟਸ ਮੀਟ 2024 ਵਿੱਚ 15 ਕਾਲਜਾਂ ਦੇ ਕੁੱਲ 847 ਖਿਡਾਰੀਆਂ ਨੇ ਹਿੱਸਾ ਲਿਆ ਸੀ। 12 ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ 104 ਖਿਡਾਰੀ ਜੇਤੂ ਰਹੇ ਸਨ।
ਇਸ ਮੌਕੇ ਵਿਦਿਆਰਥੀਆਂ ਦੀ ਭੰਗੜਾ ਟੀਮ ਨੇ ਸ਼ਾਨਦਾਰ ਭੰਗੜੇ ਦੀ ਪੇਸ਼ਕਾਰੀ ਕੀਤੀ। ਉਘੇ ਹਾਸਰਸ ਕਲਾਕਾਰ ਹਰਮੀਤ ਕੋਹਲੀ ਨੇ ਮੰਚ ਉਪਰ ਆਪਣਾ ਮਜ਼ਾਹੀਆ ਰੰਗ ਬੰਨਿਆਂ। ਕੈਬਰੇ ਡਾਂਸ ਦੀ ਆਈਟਮ ਨੇ ਸਭਿਆਚਾਰਕ ਵਟਾਂਦਰੇ ਦਾ ਅਨੁਭਵ ਸਾਂਝਾ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਵਿਦਿਆਰਥਣਾਂ ਵੱਲੋਂ ਬਹੁਤ ਹੀ ਖੂਬਸੂਰਤ ਢੰਗ ਨਾਲ ਨਿਭਾਈ ਗਈ। ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਜਸ਼ਨਪ੍ਰੀਤ ਸਿੰਘ ਅਤੇ ਸਹਿਯੋਗੀ ਜੋਗਰਾਜ ਸਿੰਘ ਕਾਹਲੋਂ ਨੇ ਅੰਤ ਵਿਚ ਸਭਨਾਂ ਦਾ ਧੰਨਵਾਦ ਕੀਤਾ।