#CANADA

ਇੰਟਰਨੈਸ਼ਨਲ ਪੰਜਾਬੀ ਫੋਕ ਆਰਟ ਸੋਸਾਇਟੀ ਵੱਲੋਂ 11, 12, 13 ਅਕਤੂਬਰ 2024 ਨੂੰ ਦੂਜਾ ਵਰਲਡ ਫੋਕ ਫੈਸਟੀਵਲ ਕਰਵਾਉਣ ਦਾ ਐਲਾਨ

ਸਰੀ, 21 ਜੂਨ (ਹਰਦਮ ਮਾਨ/ਪੰਜਾਬ ਮੇਲ)-ਇੰਟਰਨੈਸ਼ਨਲ ਪੰਜਾਬੀ ਫੋਕ ਆਰਟ ਸੋਸਾਇਟੀ ਵੱਲੋਂ ਆਪਣੇ ਦੂਜੇ ਵਰਲਡ ਫੋਕ ਫੈਸਟੀਵਲ ਦੀ ਰੂਪਰੇਖਾ ਜਨਤਕ ਕਰਨ ਅਤੇ ਪੋਸਟਰ ਰਿਲੀਜ਼ ਕਰਨ ਲਈ ਬੀਤੇ ਦਿਨੀਂ ਫਲੀਟਵੁੱਡ ਕਮਿਊਨਿਟੀ ਸੈਂਟਰ ਹਾਲ ਸਰੀ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਲੋਕ ਸੰਗੀਤ ਅਤੇ ਲੋਕ ਨਾਚਾਂ ਨੂੰ ਸਮਰਪਿਤ ਕਲਾਕਾਰ, ਸੱਭਿਆਚਾਰਕ ਗਤੀਵਿਧੀਆਂ ਨਾਲ ਸੰਬੰਧਿਤ ਵੱਖ-ਵੱਖ ਅਕੈਡਮੀਆਂ ਦੇ ਕੋਚ ਸਾਹਿਬਾਨ ਅਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਚੇਤੇ ਰਹੇ ਕਿ ਇਸ ਸੋਸਾਇਟੀ ਵੱਲੋਂ ਪੰਜਾਬ ਦੇ ਖੇਤਰੀ ਲੋਕ ਨਾਚ ਭੰਗੜਾ, ਗਿੱਧਾ, ਲੁੱਡੀ, ਝੁੰਮਰ, ਸੰਮੀ ਅਤੇ ਮਲਵਈ ਗਿੱਧਾ ਦੇ ਨਾਲ ਨਾਲ ਲੋਕ ਸੰਗੀਤ ਅਤੇ ਲੋਕ ਸਾਜ਼ਾਂ ਦੇ ਅੰਤਰਰਾਸ਼ਟਰੀ ਮੁਕਾਬਲੇ ਕਰਵਾਏ ਸਨ ਅਤੇ ਇਨ੍ਹਾਂ ਸਾਰੀਆਂ ਵੰਨਗੀਆਂ ਵਿੱਚ ਕਨੇਡਾ, ਭਾਰਤੀ ਪੰਜਾਬ, ਆਸਟਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਅਤੇ ਅਮਰੀਕਾ ਤੋਂ ਟੀਮਾਂ ਨੇ ਹਿੱਸਾ ਲਿਆ ਸੀ। ਇਸ ਮੇਲੇ ਦੀ ਭਰਪੂਰ ਸਫਲਤਾ ਤੋਂ ਬਾਅਦ ਸੁਸਾਇਟੀ ਨੇ ਇਸ ਸਾਲ 11, 12, 13 ਅਕਤੂਬਰ 2024 ਨੂੰ ਬੈੱਲ ਸੈਂਟਰ ਸਰੀ ਵਿਖੇ ਦੂਜਾ ਵਰਲਡ ਫੋਕ ਫੈਸਟੀਵਲ ਕਰਵਾਉਣ ਦਾ ਐਲਾਨ ਕੀਤਾ ਹੈ।

ਅੱਜ ਦੇ ਪੋਸਟਰ ਰਿਲੀਜ਼ ਸਮਾਰੋਹ ਵਿੱਚ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸੋਸਾਇਟੀ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਸੈਣੀ ਨੇ ਮੁੱਖ ਮਹਿਮਾਨ ਅਤੇ ਸਾਰੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਹਿੰਦੇ ਹੋਏ ਸੋਸਾਇਟੀ ਦੇ ਮੁੱਖ ਉਦੇਸ਼ਾਂ ‘ਤੇ ਚਾਨਣਾ ਪਾਇਆ। ਮੁੱਖ ਮਹਿਮਾਨ ਸੁਖ ਧਾਲੀਵਾਲ ਨੇ ਸੋਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨੌਜਵਾਨਾਂ ਨੂੰ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਅੱਜ ਸਮੇਂ ਦੀ ਮਹੱਤਵਪੂਰਨ ਲੋੜ ਹੈ। ਉਹਨਾਂ ਆਪਣੇ ਵੱਲੋਂ ਤੇ ਸਰਕਾਰ ਵੱਲੋਂ ਅਜਿਹੇ ਉਪਰਾਲਿਆਂ ਦਾ ਸਹਿਯੋਗ ਕਰਨ ਲਈ ਵਚਨਬੱਧਤਾ ਪ੍ਰਗਟ ਕੀਤੀ। ਸੋਸਾਇਟੀ ਦੇ ਇੱਕ ਹੋਰ ਸੀਨੀਅਰ ਆਗੂ ਪਰਮਜੀਤ ਸਿੰਘ ਜਵੰਦਾ ਨੇ ਸਮੂਹ ਪੰਜਾਬੀ ਭਾਈਚਾਰੇ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਨੂੰ ਦਰਪੇਸ਼ ਚੁਣੌਤੀਆਂ ਦਾ ਇੱਕੋ ਇੱਕ ਹੱਲ ਉਹਨਾਂ ਨੂੰ ਮੂਲ ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਨਾਲ ਜੋੜਨਾ ਹੈ। ਪੰਜਾਬ ਅਤੇ ਪੰਜਾਬੀਅਤ ਨਾਲ ਓਤਪੋਤ ਗੁਰਬਚਨ ਸਿੰਘ ਖੁੱਡੇਵਾਲ ਨੇ ਨਵੀਂ ਪੀੜ੍ਹੀ ਦੀਆਂ ਭਵਿੱਖੀ ਚੁਣੌਤੀਆਂ ਦੀ ਚਿੰਤਾ ਕਰਦਿਆਂ ਕਿਹਾ ਕਿ ਜੇਕਰ ਅਸੀਂ ਸਹੀ ਮਾਅਨਿਆਂ ਵਿੱਚ ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਦੀ ਸੇਵਾ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਨੌਜਵਾਨੀ ਦੀਆਂ ਮੁਹਾਰਾਂ ਉਹਨਾਂ ਦੇ ਮੂਲ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵੱਲ ਮੋੜਨੀਆ ਹੋਣਗੀਆਂ। ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਰਹਿ ਚੁੱਕੇ ਅਤੇ ਚੋਟੀ ਦੇ ਪਰਫਾਰਮਰ ਡਾ. ਸੁਖਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਇੰਟਰਨੈਸ਼ਨਲ ਪੰਜਾਬੀ ਫੋਕ ਆਰਟ ਸੋਸਾਇਟੀ ਕਨੇਡਾ ਰਾਹੀਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਯੁਵਕ ਅਤੇ ਸਭਿਆਚਾਰਿਕ ਗਤੀਵਿਧੀਆਂ ਦੇ ਪ੍ਰਬੰਧਨ ਅਤੇ ਸੰਯੋਜਨ ਦੇ 40 ਸਾਲ ਦੇ ਆਪਣੇ ਤਜਰਬੇ ਨੂੰ ਭਾਈਚਾਰੇ ਨਾਲ ਸਾਂਝਾ ਕਰ ਸਕਣ ਦਾ ਸਬੱਬ ਬਣਿਆ ਹੈ ਅਤੇ ਉਹ ਉਮਰ ਭਰ ਇਸ ਖੇਤਰ ਵਿੱਚ ਆਪਣੀ ਸਮਰੱਥਾ ਅਨੁਸਾਰ ਭੂਮਿਕਾ ਨਿਭਾਉਂਦੇ ਰਹਿਣਗੇ। ਸੁਸਾਇਟੀ ਦੇ ਵਿਤ ਸਕੱਤਰ ਕੁਲਵਿੰਦਰ ਸਿੰਘ ਹੇਅਰ ਨੇ ਕਿਹਾ ਕਿ ਪਿਛਲੇ ਸਾਲ ਫੈਸਟੀਵਲ ਵਿੱਚ ਲਗਭਗ 90 ਟੀਮਾਂ ਨੇ ਹਿੱਸਾ ਲਿਆ ਸੀ ਅਤੇ ਇਸ ਸਾਲ ਪੂਰੀ ਉਮੀਦ ਹੈ ਕਿ ਅਸੀਂ ਪਹਿਲਾਂ ਨਾਲੋਂ ਵੀ ਸਹਿਯੋਗੀ ਤਰੀਕੇ ਨਾਲ ਸਾਰੇ ਪ੍ਰਬੰਧ ਪੂਰੇ ਕਰ ਸਕਾਂਗੇ।

ਇਸ ਮੌਕੇ ਗੀਤਕਾਰ ਰਾਜ ਕਾਕੜਾ, ਭੁਪਿੰਦਰ ਸਿੰਘ ਮੱਲ੍ਹੀ, ਡਾ. ਬਲਵਿੰਦਰ ਸਿੰਘ ਮਾਂਗਟ, ਨਵਰੂਪ ਸਿੰਘ, ਪਿਆਰਾ ਸਿੰਘ ਨੱਤ, ਕਮਲਜੀਤ ਜੌਹਲ, ਪਰਵਿੰਦਰ ਸਵੈਚ, ਹਰਦਮ ਸਿੰਘ ਮਾਨ, ਰਾਜਵੰਤ ਰਾਜ, ਵਰਿੰਦਰ ਮੌੜ, ਹਰਪ੍ਰੀਤ ਕੌਰ ਸਿੱਧੂ, ਰੂਪੀ ਕੈਂਥ, ਸਹਿਨੂਰ, ਭੁਪਿੰਦਰ ਸਿੰਘ, ਹਰਮਨਜੀਤ, ਰਣ ਵਿਜੇ, ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਆਏ ਮਦਨ ਚੌਹਾਨ, ਅਮਰਦੀਪ ਪਨੇਸਰ, ਹਰਪ੍ਰੀਤ ਚਾਹਲ, ਮਨਦੀਪ ਕੌਰ, ਮਨਦੀਪ ਧਾਲੀਵਾਲ ਅਤੇ ਆਕਾਸ਼ਦੀਪ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਉੱਘੇ ਗਾਇਕ ਕੁਲਵਿੰਦਰ ਧਨੋਆ ਦੀ ਐਲਬਮ ‘ਰੁਤਬਾ’ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਬਲਜੀਤ ਪੱਤੜ, ਬਲਕਾਰ ਪੰਮਾ, ਸੁਖਜੀਤ ਹੋਠੀ, ਕੁਲਵਿੰਦਰ ਰੰਧਾਵਾ, ਸਤਿੰਦਰ ਸਿੰਘ, ਕੁਲਵੀਰ ਤੱਖੜ, ਗੋਲਡੀ ਰੰਧਾਵਾ, ਰਜਿੰਦਰ ਪੁਰੇਵਾਲ, ਹਰਪ੍ਰੀਤ, ਸਰਵਣ ਸਿੰਘ ਸਿੱਧੂ, ਕਿਰਪਾਲ ਸਿੰਘ ਰੰਧਾਵਾ, ਜਤਿੰਦਰ ਸੰਧੂ, ਦਵਿੰਦਰ ਧਾਲੀਵਾਲ ਅਤੇ ਕੁਲਦੀਪ ਸਿੰਘ ਮੰਡੇਲਾ ਨੇ ਵੀ ਹਾਜਰੀ ਲੁਆਈ।