ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਹੋਇਆ ਸ਼ਾਨਦਾਰ ਸਮਾਗਮ
ਮਾਹਿਲਪੁਰ, 23 ਸਤੰਬਰ (ਹਰਵੀਰ ਮਾਨ/ਪੰਜਾਬ ਮੇਲ)- ਨਿੱਕੀਆਂ ਕਰੂੰਬਲਾਂ ਪਾਠਕ ਮੰਚ ਵਲੋਂ ਇੰਗਲੈਂਡ ਵਸਦੇ ਉੱਘੇ ਗੀਤਕਾਰ ਹਰਜਿੰਦਰ ਮੱਲ ਨਾਲ ਇੱਕ ਸਾਹਿਤਕ ਮਿਲਣੀ ਦਾ ਪ੍ਰਬੰਧ ਕਰੂੰਬਲਾਂ ਭਵਨ ਮਹਿਲਪੁਰ ਵਿੱਚ ਕੀਤਾ ਗਿਆ। ਇਸ ਮੌਕੇ ਉਹਨਾਂ ਦਾ ਸਵਾਗਤ ਕਰਦਿਆਂ ਸੁਰ ਸੰਗਮ ਵਿੱਦਿਅਕ ਟਰੱਸਟ ਦੀ ਸਕੱਤਰ ਪ੍ਰਿੰਸੀਪਲ ਮਨਜੀਤ ਕੌਰ ਨੇ ਕਿਹਾ ਕਿ ਸਾਹਿਤਕ ਤੇ ਸੱਭਿਆਚਾਰਕ ਖੇਤਰ ਵਿੱਚ ਸ਼ਾਨਦਾਰ ਗੀਤਾਂ ਦੀ ਸਿਰਜਣਾ ਕਰਨ ਵਾਲੇ ਗਿਣੇ ਚੁਣੇ ਗੀਤਕਾਰਾਂ ਵਿੱਚ ਹਰਜਿੰਦਰ ਮੱਲ ਕਲੇਰਾਂ ਵਾਲੇ ਦਾ ਨਾਮ ਸ਼ਾਮਿਲ ਹੈ। ਉਸਨੇ ਇੰਗਲੈਂਡ ਦੀ ਧਰਤੀ ਤੇ ਰਹਿ ਕੇ ਵੀ ਪੰਜਾਬੀ ਵਿਰਾਸਤ ਨੂੰ ਪ੍ਰਫੁੱਲਤ ਕਰਨ ਵਿੱਚ ਆਪਣੇ ਗੀਤਾਂ ਰਾਹੀਂ ਸ਼ਾਨਦਾਰ ਯੋਗਦਾਨ ਪਾਇਆ ਹੈ। ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਨੇ ਉਸਦੀਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਇਸ ਸ਼ਖਸ਼ੀਅਤ ਨੇ ਜੀਰੋ ਤੋਂ ਹੀਰੋ ਬਣਨ ਦੇ ਸਫਰ ਨੂੰ ਆਪਣੇ ਨੰਗੇ ਪਿੰਡੇ ਹੰਡਾਇਆ ਹੈ। ਗਾਇਕ ਸਰਦੂਲ ਸਿਕੰਦਰ, ਜਸਪਿੰਦਰ ਨਰੂਲਾ,ਅਲਫਾਜ਼ ਸਮੇਤ ਕਈ ਹੋਰ ਕਲਾਕਾਰਾਂ ਨੇ ਉਸਦੇ ਗੀਤਾਂ ਨੂੰ ਆਵਾਜ਼ਾਂ ਦਿੱਤੀਆਂ ਹਨ। ਦੇਸ਼ ਵਿਦੇਸ਼ ਦੀਆਂ ਅਨੇਕਾਂ ਸੰਸਥਾਵਾਂ ਉਸਦਾ ਮਾਣ ਸਨਮਾਨ ਵੀ ਕਰ ਚੁੱਕੀਆਂ ਹਨ।
ਹਰਜਿੰਦਰ ਮੱਲ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਉਹ ਬਚਪਨ ਵਿੱਚ ਹੀ ਸ਼ਬਦਾਂ ਨੂੰ ਗੀਤਾਂ ਵਿੱਚ ਪਰੋਣ ਲੱਗ ਪਿਆ ਸੀ। ਸਹਿਜੇ ਸਹਿਜੇ ਅਭਿਆਸ ਨਾਲ ਉਹ ਇਸ ਖੇਤਰ ਵਿੱਚ ਸਰਗਰਮ ਹੋ ਗਿਆ। ਦਿਨ ਰਾਤ ਦੀ ਘਾਲਣਾ ਨਾਲ ਉਸ ਨੇ ਸਾਹਿਤਕ ਤੇ ਸੱਭਿਆਚਾਰਕ ਗੀਤਕਾਰੀ ਦੇ ਖੇਤਰ ਵਿੱਚ ਸ਼ਾਨਦਾਰ ਰੁਤਬਾ ਪ੍ਰਾਪਤ ਕੀਤਾ ਹੈ। ਉਸਨੇ ਨਵੇਂ ਗੀਤਕਾਰਾਂ ਨੂੰ ਵੱਧ ਤੋਂ ਵੱਧ ਪੜ੍ਹਨ ਅਤੇ ਚੰਗੇ ਗੀਤ ਸੁਣਨ ਦੀ ਸਲਾਹ ਦਿੱਤੀ l ਇਸ ਮੌਕੇ ਬੱਗਾ ਸਿੰਘ ਆਰਟਿਸਟ, ਸੁਖਮਨ ਸਿੰਘ,ਚੈਂਚਲ ਸਿੰਘ ਬੈਂਸ,ਕੁਲਦੀਪ ਕੌਰ ਬੈਂਸ, ਪਵਨ ਸਕਰੂਲੀ, ਮਨਜਿੰਦਰ ਹੀਰ ਅਤੇ ਨਿਧੀ ਅਮਨ ਸਹੋਤਾ ਤੋਂ ਇਲਾਵਾ ਸਾਹਿਤ ਪ੍ਰੇਮੀ ਸ਼ਾਮਿਲ ਹੋਏ l