#EUROPE

ਇੰਗਲੈਂਡ ‘ਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧ ਦੇ ਦੋਸ਼ ‘ਚ ਇਕ ਗ੍ਰਿਫ਼ਤਾਰ

ਲੰਡਨ, 21 ਜਨਵਰੀ (ਪੰਜਾਬ ਮੇਲ)- ਇੰਗਲੈਂਡ ‘ਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੇ ਮਾਮਲੇ ਰੁਕਣ ਦਾ ਨਾਂਅ ਨਹੀਂ ਲੈ ਰਹੇ। ਭਾਵੇਂ ਨਸਲੀ ਵਿਤਕਰੇ ਦੀਆਂ ਘਟਨਾਵਾਂ ਦਹਾਕਿਆਂ ਤੋਂ ਚੱਲ ਰਹੀਆਂ ਹਨ। ਪਰ ਬੀਤੇ ਕੁਝ ਵਰ੍ਹਿਆਂ ਤੋਂ ਇਕ ਵਾਰ ਫਿਰ ਨਸਲੀ ਨਫ਼ਰਤੀ ਅਪਰਾਧਾਂ ਦੀ ਗਿਣਤੀ ਵਧੀ ਹੈ। ਪਿਛਲੇ ਮਹੀਨੇ ਮਿਡਲੈਂਡ ਦੇ ਵੈਸਟ ਬ੍ਰਾਮਿਚ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਪ੍ਰਵੇਸ਼ ਦੁਆਰ ‘ਤੇ ਇਕ ਗੋਰੇ ਵਿਅਕਤੀ ਵੱਲੋਂ ਮਾਸ ਸੁੱਟੇ ਜਾਣ ਦੇ ਮਾਮਲੇ ਨੂੰ ਨਫ਼ਰਤੀ ਅਪਰਾਧ ਮੰਨਦਿਆਂ ਇਸ ਦੇ ਸੰਬੰਧ ‘ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹਫ਼ਤੇ ਸੰਸਦ ‘ਚ ਲੇਬਰ ਦੀ ਸਥਾਨਕ ਸੰਸਦ ਮੈਂਬਰ ਸਾਰਾਹ ਕੂੰਬਸ ਨੇ ਇਸ ਘਟਨਾ ਦੇ ਸੰਬੰਧ ‘ਚ ‘ਸਿੱਖ ਵਿਰੋਧੀ ਨਫ਼ਰਤ’ ‘ਤੇ ਬਹਿਸ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਇਹ ਮਾਮਲਾ ਬਰਤਾਨੀਆ ਦੀ ਸੰਸਦ ‘ਚ ਵੀ ਉਠਾਇਆ। ਉਨ੍ਹਾਂ ਕਿਹਾ ਕਿ ਪਿਛਲੇ 6 ਮਹੀਨਿਆਂ ‘ਚ ਵੈਸਟ ਮਿਡਲੈਂਡਜ਼ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਹਿੰਸਕ ਨਸਲਵਾਦੀ ਅਪਰਾਧਾਂ ਦੀ ਇਕ ਲੜੀ ਚੱਲੀ ਹੋਈ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ (ਸਿੱਖ ਸੰਗਤ) ਤੇ ਸਥਾਨਕ ਅਧਿਕਾਰੀਆਂ ਦਾ ਧੰਨਵਾਦ ਕੀਤਾ। ਪ੍ਰਬੰਧਕ ਕਮੇਟੀ ਨੇ ਕਿਹਾ ਕਿ 22 ਦਸੰਬਰ 2025 ਨੂੰ ਵਾਪਰੀ ਇਸ ਘਟਨਾ ਦੇ ਸੰਬੰਧ ‘ਚ 14 ਜਨਵਰੀ ਨੂੰ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪੁਲਿਸ ਰਿਮਾਂਡ ‘ਤੇ ਹੈ।
ਬੀਤੇ ਦਿਨੀਂ ਬਰਤਾਨੀਆ ਦੀ ਸੰਸਦ ‘ਚ 11ਵੀਂ ਬ੍ਰਿਟਿਸ਼ ਸਿੱਖ ਰਿਪੋਰਟ ਜਾਰੀ ਕੀਤੀ ਗਈ। ਇਸ ਰਿਪੋਰਟ ‘ਚ ਸਿੱਖ ਵਿਰੋਧੀ ਨਫ਼ਰਤ ਤੇ ਕੱਟੜਪੰਥੀ ਦੇ ਉਭਾਰ ਦਾ ਬਰਤਾਨਵੀ ਸਿੱਖ ਭਾਈਚਾਰੇ ‘ਤੇ ਪੈ ਰਹੇ ਅਸਰ ਨੂੰ ਸਪੱਸ਼ਟ ਤੌਰ ‘ਤੇ ਜ਼ਾਹਰ ਕੀਤਾ ਗਿਆ ਹੈ। 49 ਫ਼ੀਸਦੀ ਬਰਤਾਨਵੀ ਸਿੱਖ ਵਧ ਰਹੀਆਂ ਸਿੱਖ ਵਿਰੋਧੀ ਭਾਵਨਾਵਾਂ ਤੋਂ ਚਿੰਤਤ ਹਨ। ਬ੍ਰਿਟਿਸ਼ ਸਿੱਖ ਰਿਪੋਰਟ (ਬੀ.ਐੱਸ.ਆਰ.) ਆਪਣੀ ਕਿਸਮ ਦਾ ਇਕੋ-ਇਕ ਮਜ਼ਬੂਤ ਰਣਨੀਤਿਕ ਦਸਤਾਵੇਜ਼ ਹੈ, ਜੋ ਕਿ ਦੇਸ਼ ਭਰ ਦੇ 1,900 ਦੇ ਕਰੀਬ ਸਿੱਖਾਂ ਦੇ ਸਰਵੇਖਣ ਦੇ ਨਤੀਜਿਆਂ ਦੇ ਆਧਾਰ ‘ਤੇ ਹੈ।