#EUROPE

ਇੰਗਲੈਂਡ ‘ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸੜਕਾਂ ‘ਤੇ ਉਤਰੇ ਲੋਕ

-ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਮੰਗ
ਲੰਡਨ, 15 ਸਤੰਬਰ (ਪੰਜਾਬ ਮੇਲ)- ਇੰਗਲੈਂਡ ‘ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਲੋਕ ਸੜਕਾਂ ‘ਤੇ ਉਤਰ ਆਏ ਹਨ।
ਲੰਡਨ ‘ਚ ਸ਼ਨੀਵਾਰ ਨੂੰ 1 ਲੱਖ ਤੋਂ ਵੀ ਵੱਧ ਲੋਕਾਂ ਨੇ ‘ਯੂਨਾਈਟ ਦਿ ਕਿੰਗਡਮ’ ਨਾਂ ਦੀ ਰੈਲੀ ਕੱਢੀ, ਜਿਸ ਦੀ ਅਗਵਾਈ ਐਂਟੀ ਇਮੀਗ੍ਰੇਸ਼ਨ ਦੇ ਨੇਤਾ ਟਾਮੀ ਰੌਬਿਨਸਨ ਨੇ ਕੀਤੀ, ਜੋ ਕਿ ਬ੍ਰਿਟੇਨ ਦੇ ਸਭ ਤੋਂ ਪ੍ਰਭਾਵਸ਼ਾਲੀ ਪਰ ਵਿਵਾਦਪੂਰਨ ਸੱਜੇ-ਪੱਖੀ ਨੇਤਾਵਾਂ ਵਿਚੋਂ ਇੱਕ ਹੈ। ਉਸ ਦਾ ਅਸਲੀ ਨਾਮ ਸਟੀਵਨ ਕ੍ਰਿਸਟੋਫਰ ਯੈਕਸਲੇ-ਲੈਨਨ ਹੈ। ਉਹ ਮੁੱਖ ਤੌਰ ‘ਤੇ ਆਪਣੀਆਂ ਇਮੀਗ੍ਰੇਸ਼ਨ ਵਿਰੋਧੀ ਅਤੇ ਇਸਲਾਮ ਵਿਰੋਧੀ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ। ਇਸ ਰੈਲੀ ਦੇ ਦੌਰਾਨ ਹੀ ਲੰਡਨ ਦੇ ਵ੍ਹਾਈਟ ਹਾਲ ਵਿਖੇ ‘ਸਟੈਂਡ ਅਪ ਟੂ ਰੇਸਿਜ਼ਮ’ ਪ੍ਰਦਰਸ਼ਨ ਚੱਲ ਰਿਹਾ ਸੀ, ਜਿਸ ‘ਚ 5000 ਦੇ ਕਰੀਬ ਲੋਕ ਸ਼ਾਮਲ ਸਨ।
ਇਸ ਦੌਰਾਨ ਪ੍ਰਦਰਸ਼ਨਕਾਰੀ ਹੱਥਾਂ ‘ਚ ‘ਸਾਡਾ ਦੇਸ਼ ਸਾਨੂੰ ਵਾਪਸ ਕਰੋ’ ਤੇ ‘ਯੂਨਾਈਟ ਦਿ ਕਿੰਗਡਮ’ ਦੇ ਸਲੋਗਨਾਂ ਵਾਲੇ ਪੋਸਟਰ ਦੇ ਝੰਡੇ ਫੜੇ ਦੇਖੇ ਗਏ। ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ‘ਯੂਨਾਈਟ ਦਿ ਕਿੰਗਡਮ’ ਰੈਲੀ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ, ਜਿਸ ਕਾਰਨ ਕਈ ਪੁਲਿਸ ਵਾਲੇ ਤੇ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ ਤੇ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਹਿੰਸਾ ‘ਚ ਸ਼ਾਮਲ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਇਹ ਪ੍ਰਦਰਸ਼ਨਕਾਰੀ ਬ੍ਰਿਟੇਨ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਇਕੱਠੇ ਹੋ ਕੇ ਆਵਾਜ਼ ਉਠਾ ਰਹੇ ਹਨ। ਉਹ ਕਹਿ ਰਹੇ ਹਨ ਕਿ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇ, ਤਾਂ ਜੋ ਦੇਸ਼ ਦੀ ਹਾਲਤ ਠੀਕ ਹੋ ਸਕੇ। ਜਾਣਕਾਰੀ ਅਨੁਸਾਰ ਸਾਲ 2025 ‘ਚ ਹੁਣ ਤੱਕ 28 ਹਜ਼ਾਰ ਤੋਂ ਵੱਧ ਪ੍ਰਵਾਸੀ ਇੰਗਲਿਸ਼ ਚੈਨਲ ਪਾਰ ਕਰ ਕੇ ਕਿਸ਼ਤੀਆਂ ਰਾਹੀਂ ਬ੍ਰਿਟੇਨ ‘ਚ ਦਾਖਲ ਹੋ ਚੁੱਕੇ ਹਨ। ਇਸੇ ਦੌਰਾਨ ਹਾਲ ਹੀ ਦੇ ਦਿਨਾਂ ‘ਚ ਇਕ ਪ੍ਰਵਾਸੀ ਨੇ ਇਕ 14 ਸਾਲਾ ਨਾਬਾਲਗ ਕੁੜੀ ਨਾਲ ਜਬਰ-ਜਨਾਹ ਕੀਤਾ ਸੀ, ਜਿਸ ਕਾਰਨ ਲੋਕਾਂ ‘ਚ ਪ੍ਰਵਾਸੀਆਂ ਖ਼ਿਲਾਫ਼ ਗੁੱਸਾ ਹੋਰ ਵਧ ਗਿਆ ਤੇ ਉਹ ਹੁਣ ਸਰਕਾਰ ‘ਤੇ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਲਈ ਦਬਾਅ ਬਣਾਉਣ ਲਈ ਸੜਕਾਂ ‘ਤੇ ਉਤਰ ਆਏ ਹਨ।
ਇਨ੍ਹਾਂ ਪ੍ਰਦਰਸ਼ਨਾਂ ਨੇ ਸਰਕਾਰ ਨੂੰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰਨ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਵਿਰੋਧੀ ਪਾਰਟੀਆਂ ਵੀ ਇਸ ਬਾਰੇ ਆਪਣੀਆਂ ਯੋਜਨਾਵਾਂ ਬਣਾ ਸਕਦੀ ਹੈ, ਕਿਉਂਕਿ ਜੇਕਰ ਹੁਣ ਕੋਈ ਠੋਸ ਕਦਮ ਨਾ ਚੁੱਕਿਆ ਗਿਆ, ਤਾਂ ਇਹ ਪ੍ਰਦਰਸ਼ਨ ਹੋਰ ਜ਼ਿਆਦਾ ਤੇਜ਼ ਹੋ ਸਕਦੇ ਹਨ।