ਸੈਕਰਾਮੈਂਟੋ, 4 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੌਂਸਲ ਆਫ ਅਮੈਰੀਕਨ-ਇਸਲਾਮਿਕ ਰੀਲੇਸ਼ਨਜ ਨੇ ਕਿਹਾ ਹੈ ਕਿ ਪਿਛਲੇ ਸਾਲ ਉਸ ਨੂੰ ਮੁਸਲਮਾਨਾਂ ਨਾਲ ਪੱਖਪਾਤ ਜਾਂ ਨਸਲੀ ਨਫਰਤ ਦੀਆਂ 8061 ਸ਼ਿਕਾਇਤਾਂ ਮਿਲੀਆਂ ਹਨ, ਜੋ ਕਿ ਇਕ ਰਿਕਾਰਡ ਹੈ। 28 ਸਾਲਾਂ ਵਿਚ ਪਿਛਲੇ ਸਾਲ ਵਾਪਰੀਆਂ ਇਹ ਘਟਨਾਵਾਂ ਸਭ ਤੋਂ ਵਧ ਹਨ। ਅਮਰੀਕਾ ਦੇ ਸਭ ਤੋਂ ਵੱਡੇ ਇਸ ਮੁਸਲਮਾਨ ਐਡਵੋਕੇਸੀ ਗਰੁੱਪ ਨੇ ਜਾਰੀ ਮਨੁੱਖੀ ਹੱਕਾਂ ਬਾਰੇ ਆਪਣੀ ਸਾਲਾਨਾ ਰਿਪੋਰਟ ਵਿਚ ਇਹ ਪ੍ਰਗਟਾਵਾ ਕੀਤਾ ਹੈ। ਰਿਪੋਰਟ ਦੇ ਸਹਿ ਲੇਖਿਕ ਤੇ ਕੌਂਸਲ ਆਫ ਅਮੈਰੀਕਨ-ਇਸਲਾਮਿਕ ਰੀਲੇਸ਼ਨਜ ਦੇ ਕੋਆਰਡੀਨੇਟਰ ਫਰਹਾ ਅਫੀਫੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਨਵੇਂ ਅੰਕੜਿਆਂ ਨੇ ਸਾਡੇ ਸ਼ੱਕ ਦੀ ਪੁਸ਼ਟੀ ਕੀਤੀ ਹੈ। ਅਕਤੂਬਰ 23 ਤੋਂ ਬਾਅਦ ਦੇਸ਼ ਵਿਚ ਪਿਛਲੇ ਇਕ ਦਹਾਕੇ ਦੌਰਾਨ ਪਹਿਲੀ ਵਾਰ ਸਭ ਤੋਂ ਵੱਡੀ ਮੁਸਲਮਾਨ ਵਿਰੋਧੀ ਨਫਰਤੀ ਲਹਿਰ ਵੇਖੀ ਗਈ ਹੈ। ਪਿਛਲੇ ਸਾਲ ਸ਼ਿਕਾਇਤਾਂ ਵਿਚ 56 ਫੀਸਦੀ ਵਾਧਾ ਹੋਇਆ ਹੈ, ਜਦ ਕਿ 2022 ਵਿਚ 5156 ਸ਼ਿਕਾਇਤਾਂ ਮਿਲੀਆਂ ਸਨ। ਕੌਂਸਲ ਨੇ ਕਿਹਾ ਹੈ ਕਿ ਮੁਸਲਮਾਨਾਂ ਵਿਰੋਧੀ ਨਫਰਤੀ ਘਟਨਾਵਾਂ ਵਿਚ ਵਾਧਾ ਹੋਣ ਦਾ ਮੁੱਖ ਕਾਰਨ ਇਸਰਾਈਲ-ਹਮਾਸ ਜੰਗ ਹੈ, ਜੋ ਅਕਤੂਬਰ ਵਿਚ ਸ਼ੁਰੂ ਹੋਈ ਸੀ। 2023 ‘ਚ ਮਿਲੀਆਂ ਕੁੱਲ ਸ਼ਿਕਾਇਤਾਂ ਵਿਚੋਂ 44‚ ਤੋਂ ਵਧ ਸਾਲ ਦੇ ਪਿਛਲੇ 3 ਮਹੀਨਿਆਂ ਦੌਰਾਨ ਮਿਲੀਆਂ ਹਨ।