#OTHERS

ਇਰਾਨ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਵੋਟਿੰਗ ਸ਼ੁਰੂ

ਦੁਬਈ, 28 ਜੂਨ (ਪੰਜਾਬ ਮੇਲ)- ਇਰਾਨ ਵਿਚ ਅੱਜ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਪਿਛਲੇ ਮਹੀਨੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਇਕ ਜਹਾਜ਼ ਹਾਦਸੇ ਵਿਚ ਮੌਤ ਤੋਂ ਬਾਅਦ ਇਹ ਚੋਣਾਂ ਹੋ ਰਹੀਆਂ ਹਨ। ਇਹ ਚੋਣਾਂ ਅਜਿਹੇ ਸਮੇਂ ਵਿਚ ਹੋ ਰਹੀਆਂ ਹਨ, ਜਦੋਂ ਇਜ਼ਰਾਈਲ-ਹਮਾਸ ਵਿਚਾਲੇ ਜਾਰੀ ਜੰਗ ਨੂੰ ਲੈ ਕੇ ਪੱਛਮੀ ਏਸ਼ੀਆ ਵਿਚ ਵਿਆਪਕ ਪੱਧਰ ‘ਤੇ ਤਣਾਅ ਹੈ ਅਤੇ ਇਰਾਨ ਪਿਛਲੇ ਕਈ ਸਾਲਾਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਵੋਟਰਾਂ ਨੂੰ ਕੱਟੜਪੰਥੀ ਉਮੀਦਵਾਰਾਂ ਅਤੇ ਇਕ ਘੱਟ ਚਰਚਿਤ ਸਿਆਸੀ ਆਗੂ ਵਿਚਾਲੇ ਚੋਣ ਕਰਨੀ ਹੋਵੇਗੀ, ਜੋ ਇਰਾਨ ਦੇ ਸੁਧਾਰਵਾਦੀ ਅੰਦੋਲਨ ਨਾਲ ਜੁੜਿਆ ਰਿਹਾ ਹੈ। ਇਰਾਨ ਦੇ 85 ਸਾਲਾ ਚੋਟੀ ਦੇ ਆਗੂ ਅਯਾਤੁੱਲਾ ਅਲੀ ਖਾਮਨੇਈ ਨੇ ਪਹਿਲਾ ਵੋਟ ਪਾਇਆ ਅਤੇ ਜਨਤਾ ਨੂੰ ਵੋਟਿੰਗ ਕਰਨ ਦੀ ਅਪੀਲ ਕੀਤੀ।