#OTHERS

ਇਰਾਨ-ਇਜ਼ਰਾਈਲ ਵੱਲੋਂ ਇਕ ਦੂਜੇ ‘ਤੇ ਜੰਗਬੰਦੀ ਦਾ ਉਲੰਘਣ ਕਰਨ ਦੇ ਦੋਸ਼

– ਇਜ਼ਰਾਈਲ ਨੇ ਇਰਾਨ ‘ਤੇ ਮਿਜ਼ਾਈਲਾਂ ਦਾਗ਼ਣ ਦਾ ਲਾਇਆ ਦੋਸ਼
– ਇਰਾਨ ਦੀ ਫੌਜ ਨੇ ਦੋਸ਼ਾਂ ਤੋਂ ਕੀਤਾ ਇਨਕਾਰ
– ਅਮਰੀਕਾ ਅਤੇ ਕਤਰ ਦੀ ਵਿਚੋਲਗੀ ਨਾਲ ਕੀਤੀ ਗਈ ਜੰਗਬੰਦੀ
ਬੀਰਸ਼ੇਬਾ (ਇਜ਼ਰਾਈਲ), 25 ਜੂਨ (ਪੰਜਾਬ ਮੇਲ)- ਇਰਾਨ ਅਤੇ ਇਜ਼ਰਾਈਲ ਵਿਚਕਾਰ 12 ਦਿਨਾਂ ਤੋਂ ਜਾਰੀ ਜੰਗ ਰੋਕਣ ਦੀਆਂ ਕੋਸ਼ਿਸ਼ਾਂ ‘ਤੇ ਉਸ ਸਮੇਂ ਪਾਣੀ ਪੈਂਦਾ ਨਜ਼ਰ ਆਇਆ ਜਦੋਂ ਇਜ਼ਰਾਈਲ ਨੇ ਇਰਾਨ ‘ਤੇ ਮਿਜ਼ਾਈਲਾਂ ਦਾਗ਼ਣ ਦਾ ਦੋਸ਼ ਲਾਉਂਦਿਆਂ ਢੁੱਕਵਾਂ ਜਵਾਬ ਦੇਣ ਦਾ ਅਹਿਦ ਲਿਆ। ਉਂਝ ਇਰਾਨ ਦੀ ਫੌਜ ਨੇ ਇਜ਼ਰਾਈਲ ‘ਤੇ ਮਿਜ਼ਾਈਲਾਂ ਦਾਗ਼ਣ ਤੋਂ ਇਨਕਾਰ ਕੀਤਾ ਪਰ ਉੱਤਰੀ ਇਜ਼ਰਾਈਲ ਦੇ ਕਈ ਇਲਾਕਿਆਂ ‘ਚ ਧਮਾਕੇ ਸੁਣੇ ਗਏ ਅਤੇ ਸਾਇਰਨ ਵਜਦੇ ਰਹੇ। ਇਸ ਤੋਂ ਪਹਿਲਾਂ ਇਜ਼ਰਾਈਲ ਅਤੇ ਇਰਾਨ ਨੇ ਜੰਗ ਰੋਕਣ ਦੀ ਯੋਜਨਾ ਨੂੰ ਸਵੀਕਾਰ ਕਰ ਲਿਆ ਸੀ। ਜਾਣਕਾਰੀ ਮੁਤਾਬਕ ਕਤਰ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਯਤਨਾਂ ਸਦਕਾ ਜੰਗਬੰਦੀ ਸਮਝੌਤਾ ਸਿਰੇ ਚੜ੍ਹਿਆ ਹੈ। ਇਜ਼ਰਾਇਲੀ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਜੰਗਬੰਦੀ ਦੀ ਉਲੰਘਣਾ ਦੇ ਦੋਸ਼ ਲਾਉਂਦਿਆਂ ਤਹਿਰਾਨ ‘ਤੇ ਮੁੜ ਜ਼ੋਰਦਾਰ ਹਮਲੇ ਕਰਨ ਲਈ ਫੌਜ ਨੂੰ ਨਿਰਦੇਸ਼ ਦਿੱਤੇ। ਇਰਾਨ ਵੱਲੋਂ ਕਤਰ ‘ਚ ਸੋਮਵਾਰ ਰਾਤ ਅਮਰੀਕੀ ਫੌਜੀ ਅੱਡੇ ‘ਤੇ ਸੀਮਤ ਮਿਜ਼ਾਈਲ ਹਮਲੇ ਕਰਨ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਤੜਕੇ ਜੰਗਬੰਦੀ ਦੇ ਸਮਝੌਤੇ ਦਾ ਐਲਾਨ ਕੀਤਾ ਸੀ। ਟਰੰਪ ਦੀ ਪੋਸਟ ਅਤੇ ਜੰਗਬੰਦੀ ਸ਼ੁਰੂ ਹੋਣ ਦਰਮਿਆਨ ਇਜ਼ਰਾਈਲ ਨੇ ਵੱਡੇ ਤੜਕੇ ਇਰਾਨ ‘ਚ ਕਈ ਥਾਵਾਂ ‘ਤੇ ਹਵਾਈ ਹਮਲੇ ਕੀਤੇ, ਜਿਸ ਦਾ ਇਰਾਨ ਨੇ ਮਿਜ਼ਾਈਲਾਂ ਦਾਗ਼ ਕੇ ਜਵਾਬ ਦਿੱਤਾ। ਹਮਲਿਆਂ ਕਾਰਨ ਇਜ਼ਰਾਈਲ ‘ਚ ਚਾਰ ਵਿਅਕਤੀ ਮਾਰੇ ਗਏ। ਇਕ ਅਧਿਕਾਰੀ ਨੇ ਕਿਹਾ ਕਿ ਇਰਾਨ ਨੇ ਦੋ ਮਿਜ਼ਾਈਲਾਂ ਦਾਗ਼ੀਆਂ ਸਨ ਅਤੇ ਦੋਹਾਂ ਨੂੰ ਹਵਾ ‘ਚ ਹੀ ਫੁੰਡ ਦਿੱਤਾ ਗਿਆ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗਬੰਦੀ ਸਵੀਕਾਰ ਕਰ ਲਈ, ਜਦਕਿ ਇਰਾਨੀ ਸਰਕਾਰੀ ਟੀ.ਵੀ. ਨੇ ਕਿਹਾ ਕਿ ਜੰਗ ਰੁੱਕ ਗਈ ਹੈ। ਸਾਊਦੀ ਅਰਬ ਅਤੇ ਮਿਸਰ ਸਮੇਤ ਖ਼ਿੱਤੇ ਦੇ ਕਈ ਆਗੂਆਂ ਵੱਲੋਂ ਟਰੰਪ ਦੇ ਜੰਗਬੰਦੀ ਬਾਰੇ ਐਲਾਨ ਦਾ ਸਵਾਗਤ ਕੀਤਾ ਗਿਆ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਟਰੰਪ ਨਾਲ ਤਾਲਮੇਲ ਬਣਾ ਕੇ ਇਰਾਨ ਨਾਲ ਦੁਵੱਲੀ ਜੰਗਬੰਦੀ ਲਈ ਰਾਜ਼ੀ ਹੋ ਗਿਆ ਹੈ। ਉਨ੍ਹਾਂ ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਨੂੰ ਕਿਹਾ ਕਿ ਮੁਲਕ ਨੇ ਇਰਾਨ ਦੇ ਪਰਮਾਣੂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਦੇ ਖ਼ਤਰੇ ਨੂੰ ਖ਼ਤਮ ਕਰਕੇ ਆਪਣੇ ਸਾਰੇ ਜੰਗੀ ਨਿਸ਼ਾਨੇ ਹਾਸਲ ਕਰ ਲਏ ਹਨ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੇ ਇਰਾਨ ਦੇ ਫੌਜੀ ਅਧਿਕਾਰੀਆਂ ਅਤੇ ਕਈ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਤੇ ਤਹਿਰਾਨ ਦੇ ਆਸਮਾਨ ‘ਤੇ ਕਬਜ਼ਾ ਕਰ ਲਿਆ। ਉਧਰ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ‘ਐਕਸ’ ‘ਤੇ ਕਿਹਾ, ”ਹਾਲੇ ਤੱਕ ਕਿਸੇ ਜੰਗਬੰਦੀ ਜਾਂ ਫੌਜੀ ਕਾਰਵਾਈ ਰੋਕਣ ਬਾਰੇ ਕੋਈ ਸਮਝੌਤਾ ਨਹੀਂ ਹੋਇਆ ਹੈ। ਉਂਝ ਇਜ਼ਰਾਇਲੀ ਹਕੂਮਤ ਨੇ ਤੜਕੇ ਚਾਰ ਵਜੇ ਇਰਾਨੀ ਲੋਕਾਂ ਖ਼ਿਲਾਫ਼ ਹਮਲਿਆਂ ਨੂੰ ਰੋਕ ਦਿੱਤਾ ਹੈ ਅਤੇ ਸਾਡਾ ਵੀ ਜਵਾਬ ਦੇਣ ਦਾ ਹੁਣ ਕੋਈ ਇਰਾਦਾ ਨਹੀਂ ਹੈ। ਫੌਜੀ ਕਾਰਵਾਈ ਰੋਕਣ ਦਾ ਆਖਰੀ ਫ਼ੈਸਲਾ ਬਾਅਦ ‘ਚ ਲਿਆ ਜਾਵੇਗਾ।” ਇਸ ਦੌਰਾਨ ਇਜ਼ਰਾਇਲੀ ਫੌਜ ਨੇ ਕਿਹਾ ਕਿ ਇਰਾਨ ਨੇ ਮੰਗਲਵਾਰ ਨੂੰ ਜੰਗਬੰਦੀ ਸ਼ੁਰੂ ਹੋਣ ਤੋਂ ਪਹਿਲਾਂ ਇਜ਼ਰਾਈਲ ‘ਤੇ 20 ਮਿਜ਼ਾਈਲਾਂ ਦਾਗ਼ੀਆਂ, ਜਿਸ ਨਾਲ ਬੀਰਸ਼ੇਬਾ ਸ਼ਹਿਰ ਦੀਆਂ ਤਿੰਨ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪੁੱਜਿਆ। ਇਕ ਇਮਾਰਤ ‘ਚੋਂ ਚਾਰ ਲਾਸ਼ਾਂ ਮਿਲੀਆਂ ਹਨ ਅਤੇ ਮਲਬੇ ‘ਚ ਹੋਰ ਵਿਅਕਤੀਆਂ ਦੇ ਫਸੇ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਹਮਲੇ ‘ਚ 20 ਵਿਅਕਤੀ ਜ਼ਖ਼ਮੀ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ। ਵਾਸ਼ਿੰਗਟਨ ਅਧਾਰਿਤ ਮਨੁੱਖੀ ਅਧਿਕਾਰ ਗਰੁੱਪ ਮੁਤਾਬਕ 12 ਦਿਨ ਚੱਲੀ ਜੰਗ ‘ਚ ਇਜ਼ਰਾਈਲ ਦੇ 28 ਅਤੇ ਇਰਾਨ ਦੇ 974 ਵਿਅਕਤੀ ਮਾਰੇ ਗਏ ਹਨ।