#AMERICA

ਇਮੀਗ੍ਰੇਸ਼ਨ ਵੱਲੋਂ ਹਿਰਾਸਤ ‘ਚ ਲਏ ਪਰਮਜੀਤ ਸਿੰਘ ਨੂੰ ਇਲਾਜ ਲਈ ਕੋਰੀ ਨਾਂਹ!

ਵਾਸ਼ਿੰਗਟਨ, 15 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਆਈ.ਸੀ.ਈ. ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪਰਮਜੀਤ ਸਿੰਘ ਨੂੰ ਕਿਸੇ ਕਿਸਮ ਦੀ ਵੀ ਡਾਕਟਰੀ ਸਹਾਇਤਾ ਦੇਣ ਤੋਂ ਜਵਾਬ ਦੇ ਦਿੱਤਾ ਗਿਆ ਹੈ। 48 ਸਾਲਾ ਪਰਮਜੀਤ ਸਿੰਘ ਨੂੰ ਅੱਜਕੱਲ੍ਹ ਯੂ.ਐੱਸ. ਇਮੀਗ੍ਰੇਸ਼ਨ ਵਿਭਾਗ ਵੱਲੋਂ ਗ੍ਰਿਫ਼ਤਾਰ ਕਰਕੇ ਡਿਟੈਨਸ਼ਨ ਸੈਂਟਰ ਵਿਖੇ ਰੱਖਿਆ ਗਿਆ ਹੈ। ਪਰਮਜੀਤ ਸਿੰਘ ਨੂੰ 30 ਜੁਲਾਈ ਨੂੰ ਇੰਡੀਆ ਤੋਂ ਵਾਪਸ ਸ਼ਿਕਾਗੋ ਇੰਟਰਨੈਸ਼ਨਲ ਏਅਰਪੋਰਟ ਪਰਤਣ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹਾਲੇ ਤੱਕ ਉਸ ਨੂੰ ਕਿਸੇ ਤਰ੍ਹਾਂ ਦੀ ਬੇਲ ਜਾਂ ਰਿਹਾਈ ਨਹੀਂ ਦਿੱਤੀ ਗਈ। ਉਹ ਬਰੇਨ ਟਿਊਮਰ ਅਤੇ ਦਿਲ ਦੀ ਬਿਮਾਰੀਆਂ ਤੋਂ ਪੀੜਤ ਹੈ। ਉਸ ਦਾ ਕਿਸੇ ਕਿਸਮ ਦਾ ਵੀ ਇਲਾਜ ਨਹੀਂ ਕੀਤਾ ਜਾ ਰਿਹਾ। ਉਸ ਦਾ ਸਿਰਫ ਮੈਡੀਕਲ ਚੈੱਕਅਪ ਹੀ ਕੀਤਾ ਜਾ ਰਿਹਾ ਹੈ।
ਇਮੀਗ੍ਰੇਸ਼ਨ ਵਿਭਾਗ ਵੱਲੋਂ ਪਰਮਜੀਤ ਸਿੰਘ ਨੂੰ 1999 ਦੇ ਇੱਕ ਕੇਸ ਵਿਚ ਹਿਰਾਸਤ ਵਿਚ ਲਿਆ ਗਿਆ ਹੈ, ਜਦਕਿ ਉਹ ਕੇਸ ਕਾਫੀ ਸਮਾਂ ਪਹਿਲਾਂ ਖਤਮ ਹੋ ਚੁੱਕਾ ਹੈ ਅਤੇ ਮੌਜੂਦਾ ਸਮੇਂ ਵਿਚ ਉਸ ਦੇ ਖਿਲਾਫ ਕੋਈ ਐਕਟਿਵ ਕੇਸ ਨਹੀਂ ਹੈ। ਪਰਮਜੀਤ ਸਿੰਘ ਨੇ 1994 ਵਿਚ ਗਰੀਨ ਕਾਰਡ ਹਾਸਲ ਕੀਤਾ ਸੀ ਅਤੇ ਉਹ ਇੰਡੀਆਨਾ ਵਿਖੇ ਆਪਣੇ ਪਰਿਵਾਰ ਨਾਲ ਰਹਿ ਕੇ ਬਹੁਤ ਸਾਰੇ ਗੈਸ ਸਟੇਸ਼ਨ ਚਲਾ ਰਿਹਾ ਸੀ। ਉਹ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਰਹਿੰਦਾ ਸੀ, ਜਿਹੜੇ ਕਿ ਅਮਰੀਕਾ ਦੇ ਸਿਟੀਜ਼ਨ ਹਨ। ਇਸ ਵਕਤ ਪਰਮਜੀਤ ਸਿੰਘ ਨੂੰ ਇੰਡੀਆਨਾ ਦੇ ਕਲੇਅ ਕਾਊਂਟੀ ਡਿਟੈਨਸ਼ਨ ਸੈਂਟਰ ਵਿਚ ਰੱਖਿਆ ਹੋਇਆ ਹੈ।
ਪਰਮਜੀਤ ਸਿੰਘ ਨੂੰ 1999 ਦੇ ਜਿਸ ਜੁਰਮ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਦੇ ਲਈ ਉਸ ਨੂੰ 10 ਦਿਨਾਂ ਦੀ ਕੈਦ ਕੱਟਣੀ ਪਈ ਸੀ ਅਤੇ 4137.50 ਡਾਲਰ ਜੁਰਮਾਨਾ ਭਰਨਾ ਪਿਆ ਸੀ। ਜਿਸ ਕਰਕੇ ਉਹ ਸਿਟੀਜ਼ਨਸ਼ਿਪ ਤੋਂ ਵਾਂਝਾ ਰਹਿ ਗਿਆ ਸੀ।
ਜ਼ਿਕਰਯੋਗ ਹੈ ਕਿ ਪਰਿਵਾਰ ਵੱਲੋਂ ਇਕ ਪ੍ਰਾਈਵੇਟ ਡਿਕਟੈਟਿਵ ਨਿਯੁਕਤ ਕੀਤਾ ਗਿਆ ਹੈ, ਜਿਸ ਅਨੁਸਾਰ ਪਰਮਜੀਤ ਸਿੰਘ ਦੇ ਖਿਲਾਫ ਇਲੀਨੀਅਸ ਸਟੇਟ ਵਿਚ ਕੋਈ ਐਕਟਿਵ ਜੁਰਮ ਦਾ ਰਿਕਾਰਡ ਨਹੀਂ ਹੈ।
ਪਰਮਜੀਤ ਸਿੰਘ ਦੇ ਪਰਿਵਾਰ ਵਿਚ ਉਸ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਾ ਪਾਈ ਜਾ ਰਹੀ ਹੈ। ਕਿਉਂਕਿ ਉਨ੍ਹਾਂ ਦੀ ਬਰੇਨ ਸਰਜਰੀ ਦੀ ਆਈ ਹੋਈ ਤਰੀਕ ਤੋਂ ਵੀ ਉਹ ਵਾਂਝੇ ਰਹਿ ਗਏ ਹਨ।