#AMERICA

ਇਮੀਗ੍ਰੇਸ਼ਨ ਏਜੰਸੀਆਂ ਨੇ 500 ਤੋਂ ਵੱਧ ਅਮਰੀਕੀ ਨਾਗਰਿਕਾਂ ਨੂੰ ਲਿਆ ਹਿਰਾਸਤ ‘ਚ

ਵਾਸ਼ਿੰਗਟਨ, 21 ਅਕਤੂਬਰ (ਪੰਜਾਬ ਮੇਲ)- ਇੱਕ ਨਵੀਂ ਜਾਂਚ ਮੁਤਾਬਕ, ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਇਮੀਗ੍ਰੇਸ਼ਨ ਏਜੰਸੀਆਂ ਨੇ 500 ਤੋਂ ਵੱਧ ਅਮਰੀਕੀ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ। ਜਾਂਚ ਵਿਚ ਜਨਵਰੀ 2025 ਤੋਂ ਸਤੰਬਰ 2026 ਤੱਕ ਦੇ ਮਾਮਲੇ ਸ਼ਾਮਲ ਹਨ। ਇਹ ਅੰਕੜਾ ਸਰਕਾਰ ਵੱਲੋਂ ਜਾਰੀ ਕੀਤੀ ਗਿਣਤੀ ਨਹੀਂ, ਸਗੋਂ ਖ਼ਬਰ ਸੰਸਥਾ ਪ੍ਰੋਪਬਲਿਕਾ ਵੱਲੋਂ ਇਕੱਠੇ ਕੀਤੇ ਅਤੇ ਜਾਂਚੇ ਗਏ ਮਾਮਲਿਆਂ ‘ਤੇ ਆਧਾਰਿਤ ਹੈ।
ਰਿਪੋਰਟ ਅਨੁਸਾਰ, ਹਿਰਾਸਤ ਵਿਚ ਲਏ ਗਏ ਲੋਕਾਂ ਵਿਚ ਘੱਟੋ-ਘੱਟ 70 ਬੱਚੇ ਅਤੇ ਨੌਜਵਾਨ ਸਨ। ਕੁਝ ਬੱਚਿਆਂ ਨੂੰ ਹੱਥਕੜੀਆਂ ਵੀ ਲਾਈਆਂ ਗਈਆਂ। ਜਾਂਚ ਵਿਚ ਲਗਭਗ 12 ਅਮਰੀਕੀ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਦੇਸ਼ ਤੋਂ ਬਾਹਰ ਭੇਜਣ ਦੇ ਮਾਮਲੇ ਮਿਲੇ। ਟੈਕਸਾਸ ਵਿਚ ਇੱਕ ਬਾਲਗ ਅਮਰੀਕੀ ਨਾਗਰਿਕ ਨੂੰ ਵੀ ਮੈਕਸੀਕੋ ਭੇਜ ਦਿੱਤਾ ਗਿਆ ਸੀ। ਬਾਅਦ ਵਿਚ ਮੁਕੱਦਮਾ ਕਰਨ ਮਗਰੋਂ ਉਹ ਆਪਣੇ ਜਨਮ ਸਰਟੀਫਿਕੇਟ ਦੇ ਆਧਾਰ ‘ਤੇ ਅਮਰੀਕਾ ਵਾਪਸ ਆ ਸਕਿਆ।
ਰਿਪੋਰਟ ਵਿਚ 36 ਅਜਿਹੇ ਨਾਗਰਿਕਾਂ ਦਾ ਵੀ ਜ਼ਿਕਰ ਹੈ, ਜਿਨ੍ਹਾਂ ਨੂੰ ਘੱਟੋ-ਘੱਟ ਇੱਕ ਦਿਨ ਲਈ ਰੱਖਿਆ ਗਿਆ ਅਤੇ ਉਹ ਆਪਣੇ ਪਰਿਵਾਰ ਜਾਂ ਵਕੀਲ ਨਾਲ ਸੰਪਰਕ ਨਹੀਂ ਕਰ ਸਕੇ। 300 ਤੋਂ ਵੱਧ ਲੋਕਾਂ ਨੂੰ ਅਧਿਕਾਰੀਆਂ ‘ਤੇ ਹਮਲਾ ਕਰਨ ਜਾਂ ਉਨ੍ਹਾਂ ਦੇ ਕੰਮ ਵਿਚ ਰੁਕਾਵਟ ਪਾਉਣ ਦੇ ਦੋਸ਼ ਹੇਠ ਫੜਿਆ ਗਿਆ। ਇਨ੍ਹਾਂ ਵਿਚੋਂ ਅੱਧੇ ਤੋਂ ਵੀ ਘੱਟ ਲੋਕਾਂ ਵਿਰੁੱਧ ਸੰਘੀ ਅਦਾਲਤ ਵਿਚ ਦੋਸ਼ ਲੱਗੇ। ਕਈ ਮਾਮਲਿਆਂ ਵਿਚ ਦੋਸ਼ ਵਾਪਸ ਲਏ ਗਏ ਜਾਂ ਰੱਦ ਹੋ ਗਏ।
ਇਸ ਗਿਣਤੀ ਲਈ ਖ਼ਬਰ ਸੰਸਥਾ ਨੇ ਅਦਾਲਤੀ ਰਿਕਾਰਡਾਂ, ਸਥਾਨਕ ਖ਼ਬਰਾਂ ਅਤੇ ਹੋਰ ਜਾਣਕਾਰੀ ਦੀ ਜਾਂਚ ਕੀਤੀ। ਕਿਉਂਕਿ ਸਰਕਾਰ ਅਜਿਹੇ ਮਾਮਲਿਆਂ ਦਾ ਪੂਰਾ ਅੰਕੜਾ ਨਹੀਂ ਰੱਖਦੀ, ਇਸ ਲਈ ਅਸਲ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਉਸ ਦੀਆਂ ਕਾਰਵਾਈਆਂ ਨਿਸ਼ਾਨਾ ਬਣਾ ਕੇ ਕੀਤੀਆਂ ਜਾਂਦੀਆਂ ਹਨ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।