#CANADA

ਇਮੀਗ੍ਰੇਸ਼ਨ ਏਜੰਟ ‘ਤੇ ਪਿਸਤੌਲ ਤਾਣਨ ਵਾਲੇ 2 ਪੰਜਾਬੀ ਗ੍ਰਿਫ਼ਤਾਰ

ਵੈਨਕੂਵਰ, 30 ਸਤੰਬਰ (ਪੰਜਾਬ ਮੇਲ)- ਪੁਲਿਸ ਨੇ ਕੈਲਗਰੀ ਦੇ ਦਸਮੇਸ਼ ਕਲਚਰਲ ਸੈਂਟਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਇੰਮੀਗ੍ਰੇਸ਼ਨ ਏਜੰਟ ‘ਤੇ ਬੰਦੂਕ ਤਾਣ ਕੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਦੋ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਸੇਵਕ ਸਿੰਘ ਰੰਧਾਵਾ ਤੇ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ। ਦੋਵਾਂ ਖ਼ਿਲਾਫ਼ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਪੁਲਿਸ ਮੁਲਜ਼ਮਾਂ ਖ਼ਿਲਾਫ਼ ਲਾਏ ਫਿਰੌਤੀ ਮੰਗਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਇੰਮੀਗ੍ਰੇਸ਼ਨ ਏਜੰਟ ਨੇ ਦੋਸ਼ ਲਾਇਆ ਕਿ ਉਸਨੂੰ ਫੋਨ ‘ਤੇ ਧਮਕੀਆਂ ਮਿਲ ਰਹੀਆਂ ਸਨ ਅਤੇ ਫਿਰੌਤੀ ਮੰਗੀ ਜਾ ਰਹੀ ਸੀ। ਫੋਨ ਨੰਬਰ ਰਾਹੀਂ ਉਸ ਨੇ ਮੁਲਜ਼ਮਾਂ ਦੀ ਪਛਾਣ ਕੀਤੀ। ਉਨ੍ਹਾਂ ਕਿਹਾ ਕਿ ਚਾਰ ਦਿਨ ਪਹਿਲਾਂ ਉਹ ਉਕਤ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਖੜ੍ਹਾ ਸੀ। ਇਸ ਦੌਰਾਨ ਦੋਵੇਂ ਮੁਲਜ਼ਮ ਉੱਥੇ ਪਹੁੰਚੇ ਅਤੇ ਉਸ ‘ਤੇ ਪਿਸਤੌਲ ਤਾਣ ਦਿੱਤਾ। ਘਟਨਾ ਸਥਾਨ ‘ਤੇ ਪੁੱਜੀ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੂਰੀ ਘਟਨਾ ਦੀ ਵੀਡੀਓ ਵਾਇਰਲ ਹੋ ਗਈ। ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਵਾਪਰੀ ਇਸ ਘਟਨਾ ਦੀ ਨਿਖੇਧੀ ਕੀਤੀ ਜਾ ਰਹੀ ਹੈ। ਪੁਲਿਸ ਨੇ ਨਿਹੰਗ ਰਿਐਟਰ ਦੇ ਨਾਂਅ ਹੇਠ ਕਾਰੋਬਾਰ ਕਰਦੇ ਗੁਰਸੇਵਕ ਤੇ ਉਸਦੇ ਸਾਥੀ ਸੁਖਪ੍ਰੀਤ ਸਿੰਘ (ਸਟੱਡੀ ਵੀਜ਼ਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁਰਸੇਵਕ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟਸ ਤੋਂ ਮਿਲੇ ਵੇਰਵਿਆਂ ਮੁਤਾਬਕ ਉਹ ਕਥਿਤ ਖਾਲਿਸਤਾਨੀ ਸਮਰਥਕ ਹੈ, ਤੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦਾ ਨਜ਼ਦੀਕੀ ਹੈ।