-ਪਾਕਿਸਤਾਨ ਪੁਲਿਸ ਨੇ ਪੀ.ਟੀ.ਆਈ. ਆਗੂ ‘ਤੇ ਲਗਾਇਆ ਦੋਸ਼
ਲਾਹੌਰ, 19 ਜੂਨ (ਪੰਜਾਬ ਮੇਲ)-ਪਾਕਿਸਤਾਨੀ ਪੁਲਿਸ ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ‘ਤੇ ਲਾਹੌਰ ਵਿਚ 9 ਮਈ 2023 ਨੂੰ ਫੌਜ ਦੇ ਸੀਨੀਅਰ ਅਧਿਕਾਰੀ ਦੀ ਰਿਹਾਇਸ਼ ‘ਤੇ ਹਮਲੇ ਦੌਰਾਨ ਸਰਕਾਰੀ ਖ਼ਜ਼ਾਨੇ ਦਾ 50 ਕਰੋੜ ਪਾਕਿਸਤਾਨੀ ਰੁਪਏ ਤੋਂ ਵੱਧ ਦਾ ਨੁਕਸਾਨ ਕਰਨ ਦਾ ਦੋਸ਼ ਲਗਾਇਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸੰਸਥਾਪਕ ‘ਤੇ 9 ਮਈ 2023 ਦੀ ਹਿੰਸਾ ਦੇ ਸਬੰਧ ਵਿਚ ਲਾਹੌਰ ‘ਚ ਕਈ ਕੇਸ ਦਰਜ ਹਨ। ਇਨ੍ਹਾਂ ਮਾਮਲਿਆਂ ਵਿਚ ਪਾਕਿਸਤਾਨ ਦੀ ਪੁਲਿਸ ਵੱਲੋਂ ਇਮਰਾਨ ਖ਼ਾਨ ‘ਤੇ ਆਪਣੇ ਸਮਰਥਕਾਂ ਨੂੰ ਸਰਕਾਰੀ ਅਤੇ ਫੌਜੀ ਇਮਾਰਤਾਂ ‘ਤੇ ਹਮਲਾ ਕਰਨ ਲਈ ਭੜਕਾਉਣ ਦੇ ਦੋਸ਼ ਵੀ ਲਗਾਏ ਗਏ ਹਨ। ਜ਼ਿਕਰਯੋਗ ਹੈ ਕਿ ਇਸਲਾਮਾਬਾਦ ਹਾਈ ਕੋਰਟ ਕੰਪਲੈਕਸ ਤੋਂ ਨੀਮ ਫੌਜੀ ਬਲਾਂ ਵੱਲੋਂ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹਿੰਸਾ ਭੜਕ ਗਈ ਸੀ।
ਅਦਾਲਤ ਦੇ ਅਧਿਕਾਰੀ ਨੇ ਕਿਹਾ, ”ਇਮਰਾਨ ਖ਼ਾਨ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਕੁਝ ਹੋਰ ਮੈਂਬਰਾਂ ਖ਼ਿਲਾਫ਼ 9 ਮਈ 2023 ਨੂੰ ਹੋਈ ਹਿੰਸਾ ਦੇ ਮਾਮਲਿਆਂ ਵਿਚ ਇਕ ਸਰਕਾਰੀ ਵਕੀਲ ਨੇ ਲਾਹੌਰ ਹਾਈ ਕੋਰਟ (ਐੱਲ.ਐੱਚ.ਸੀ.) ਨੂੰ ਦੱਸਿਆ ਕਿ ਲਾਹੌਰ ਕੋਰ ਕਮਾਂਡਰ ਦੇ ਘਰ ‘ਤੇ ਹਮਲੇ ਦੌਰਾਨ ਦੇਸ਼ ਨੂੰ 52 ਕਰੋੜ ਪਾਕਿਸਤਾਨੀ ਰੁਪਏ ਦਾ ਨੁਕਸਾਨ ਹੋਇਆ ਹੈ।” ਸਰਕਾਰੀ ਵਕੀਲ 9 ਮਈ ਦੀ ਹਿੰਸਾ ਦੇ ਅੱਠ ਮਾਮਲਿਆਂ ‘ਚ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਵੱਲੋਂ ਦਾਇਰ ਜ਼ਮਾਨਤੀ ਪਟੀਸ਼ਨਾਂ ਦੇ ਸਬੰਧ ‘ਚ ਦਲੀਲਾਂ ਦੇ ਰਿਹਾ ਸੀ। ਪਿਛਲੇ ਸਾਲ ਨਵੰਬਰ ਵਿਚ ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਇਨ੍ਹਾਂ ਅੱਠ ਮਾਮਲਿਆਂ ‘ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੰਸਥਾਪਕ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਇਮਰਾਨ ਤੇ ਸਮਰਥਕਾਂ ਨੇ 50 ਕਰੋੜ ਦਾ ਕੀਤਾ ਨੁਕਸਾਨ
