#OTHERS

ਇਮਰਾਨ ਖ਼ਾਨ ਵੱਲੋਂ ਲਾਹੌਰ ਹਾਈ ਕੋਰਟ ‘ਚ ਪਟੀਸ਼ਨ ਦਾਖ਼ਲ

ਇਸਲਾਮਾਬਾਦ, 27 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 9 ਮਈ ਦੇ ਦੰਗਿਆਂ ਦੇ ਮਾਮਲਿਆਂ ਵਿਚ ਉਨ੍ਹਾਂ ਨੂੰ ਸੰਭਾਵੀ ਤੌਰ ‘ਤੇ ਫੌਜ ਦੀ ਹਿਰਾਸਤ ਵਿਚ ਭੇਜੇ ਜਾਣ ਖ਼ਿਲਾਫ਼ ਇਕ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਦਲੀਲ ਦਿੱਤੀ ਹੈ ਕਿ ਇਨ੍ਹਾਂ ਦੰਗਿਆਂ ਵਿਚ ਸ਼ਮੂਲੀਅਤ ਲਈ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਨੂੰ ਸਿਵਲ ਅਦਾਲਤ ਦੇ ਅਧਿਕਾਰ ਖੇਤਰ ਵਿਚ ਹੀ ਰੱਖਣਾ ਚਾਹੀਦਾ ਹੈ। ਮੀਡੀਆ ਦੀ ਇਕ ਖ਼ਬਰ ਮੁਤਾਬਕ, ਇਹ ਪਟੀਸ਼ਨ ਇਮਰਾਨ ਖ਼ਾਨ ਦੇ ਵਕੀਲ ਉਜ਼ੇਰ ਕਰਾਮਤ ਨੇ ਲਾਹੌਰ ਹਾਈ ਕੋਰਟ ਵਿਚ ਦਾਖ਼ਲ ਕੀਤੀ ਹੈ।  ਖ਼ਬਰ ਮੁਤਾਬਕ ਇਸ ਮਾਮਲੇ ‘ਚ ਸੰਘੀ ਸਰਕਾਰ ਅਤੇ ਸਾਰੇ ਚਾਰੋਂ ਸੂਬਿਆਂ ਦੇ ਇੰਸਪੈਕਟਰ ਜਨਰਲਾਂ ਨੂੰ ਉੱਤਰਦਾਤਾ ਬਣਾਇਆ ਗਿਆ ਹੈ। ਪਾਕਿਸਤਾਨ-ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਬਾਨੀ 71 ਸਾਲਾ ਖ਼ਾਨ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਜਨਰਲ ਹੈੱਡਕੁਆਰਟਰਾਂ ‘ਤੇ ਪ੍ਰਦਰਸ਼ਨ ਭੜਕਾਉਣ ਦਾ ਝੂਠਾ ਬਿਰਤਾਂਤ ਸਿਰਜਿਆ ਗਿਆ ਹੈ। ਉਨ੍ਹਾਂ 9 ਮਈ ਦੀ ਘਟਨਾ ਨੂੰ ਝੂਠੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਉਹ ਵਿਅਕਤੀ ਜਿਨ੍ਹਾਂ ਨੇ ਦੰਗਿਆਂ ਦੀਆਂ ਸੀ.ਸੀ.ਟੀ.ਵੀ. ਫੁਟੇਜ ਚੋਰੀ ਕੀਤੀਆਂ ਸਨ, ਉਹੀ ਅਸਲ ਅਪਰਾਧੀ ਹਨ। ਉਨ੍ਹਾਂ 9 ਮਈ ਦੀ ਘਟਨਾ ਦੀ ਤੁਲਨਾ 6 ਜਨਵਰੀ 2021 ਨੂੰ ਅਮਰੀਕਾ ਦੇ ਕੈਪੀਟਲ ਹਿੱਲ ਪ੍ਰਦਰਸ਼ਨਾਂ ਨਾਲ ਕੀਤੇ ਜਾਣ ਦੀ ਆਲੋਚਨਾ ਕੀਤੀ।