#OTHERS

ਇਮਰਾਨ ਖ਼ਾਨ ਵੱਲੋਂ ਪੌਲੀਗ੍ਰਾਫ਼ ਟੈਸਟ ਕਰਵਾਉਣ ਤੋਂ ਇਨਕਾਰ

ਲਾਹੌਰ, 25 ਜੁਲਾਈ (ਪੰਜਾਬ ਮੇਲ)-ਅਡਿਆਲਾ ਜੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਿਛਲੇ ਸਾਲ ਭੜਕੀ ਹਿੰਸਾ ਸਬੰਧੀ ਦਰਜ ਇੱਕ ਦਰਜਨ ਤੋਂ ਵੱਧ ਕੇਸਾਂ ‘ਚ ਆਪਣੇ ਪੌਲੀਗ੍ਰਾਫ ਟੈਸਟ ਅਤੇ ਆਵਾਜ਼ ਦੇ ਨਮੂਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ਪੀ. ਟੀ. ਆਈ. ਦੇ ਸੰਸਥਾਪਕ ਨੇ 15 ਮਿੰਟ ਤੱਕ ਪੁਲਿਸ ਦੇ ਸਵਾਲਾਂ ਦੇ ਜਵਾਬ ਦਿੱਤੇ।
ਬਾਰ੍ਹਾਂ ਮੈਂਬਰੀ ਫੋਰੈਂਸਿਕ ਟੀਮ ਕ੍ਰਿਕਟਰ ਤੋਂ ਸਿਆਸਤਦਾਨ ਬਣੇ 71 ਸਾਲਾ ਇਮਰਾਨ ਦਾ ਪੌਲੀਗ੍ਰਾਫ ਟੈਸਟ ਲੈਣ ਲਈ ਮੰਗਲਵਾਰ ਨੂੰ ਜੇਲ੍ਹ ਪੁੱਜੀ ਸੀ। ਕੌਮੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਇਮਰਾਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਪਿਛਲੇ ਸਾਲ 9 ਮਈ ਨੂੰ ਦੇਸ਼ ਵਿਚ ਹਿੰਸਾ ਭੜਕ ਗਈ ਸੀ। ਸਾਬਕਾ ਪ੍ਰਧਾਨ ਮੰਤਰੀ 200 ਤੋਂ ਵੱਧ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਪਿਛਲੇ ਸਾਲ ਅਗਸਤ ਤੋਂ ਜੇਲ੍ਹ ਵਿਚ ਬੰਦ ਹਨ।
‘ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ, ਡੀ.ਐੱਸ.ਪੀ. ਦੀ ਅਗਵਾਈ ਵਾਲੀ ਲਾਹੌਰ ਪੁਲਿਸ ਟੀਮ ਟੈਸਟ ਲੈਣ ਲਈ ਜੇਲ੍ਹ ਵਿਚ ਪੁੱਜ ਗਈ। ਪੰਜਾਬ ਫੋਰੈਂਸਿਕ ਸਾਇੰਸ ਏਜੰਸੀ (ਪੀ.ਐੱਫ.ਐੱਸ.ਏ.) ਦੇ ਮਾਹਿਰ ਵੀ ਉਨ੍ਹਾਂ ਨਾਲ ਸਨ। ‘ਨੇਸ਼ਨ’ ਅਖਬਾਰ ਦੀ ਰਿਪੋਰਟ ਮੁਤਾਬਕ, ਪੀ.ਟੀ.ਆਈ. ਦੇ ਸੰਸਥਾਪਕ ਨੇ 15 ਮਿੰਟ ਤੱਕ ਪੁਲਿਸ ਦੇ ਸਵਾਲਾਂ ਦੇ ਜਵਾਬ ਦਿੱਤੇ। ਹਾਲਾਂਕਿ, ਇਮਰਾਨ ਨੇ ਯੋਜਨਾਬੱਧ ਪੌਲੀਗ੍ਰਾਫ ਅਤੇ ਹੋਰ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ।