ਬ੍ਰਿਸਬੇਨ, 16 ਅਗਸਤ (ਦਲਵੀਰ ਹਲਵਾਰਵੀ/ਪੰਜਾਬ ਮੇਲ)- ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਕਵੀਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੀ ਸਥਾਨਕ ਇੰਡੋਜ਼ ਲਾਇਬ੍ਰੇਰੀ ਵਿਚ ਮਾਸਿਕ ਅਦਬੀ ਲੜੀ ਤਹਿਤ ਅਗਸਤ ਮਹੀਨੇ ਦੀ ਅਦਬੀ ਬੈਠਕ ਆਯੋਜਿਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਉਪਰੰਤ ਰੁਪਿੰਦਰ ਸੋਜ਼ ਨੇ ਕਵੀ ਦਰਬਾਰ ਦਾ ਆਗਾਜ਼ ਕੀਤਾ। ਕਵੀ ਦਰਬਾਰ ’ਚ ਜਰਨੈਲ ਬਾਸੀ, ਦਲਵੀਰ ਹਲਵਾਰਵੀ, ਸੁਰਜੀਤ ਸੰਧੂ, ਹਰਜੀਤ ਕੌਰ ਸੰਧੂ, ਸਰਬਜੀਤ ਸੋਹੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਦੇ ਦੂਸਰੇ ਭਾਗ ’ਚ ਪ੍ਰੋਫੈਸਰ ਰਜਿੰਦਰ ਸਿੰਘ ਨੇ ਗੁਰਬਾਣੀ ਦੇ ਹਵਾਲੇ ਨਾਲ ਆਪਣੇ ਵਿਚਾਰ ਰੱਖੇ, ਲੇਖਕ ਪੱਤਰਕਾਰ ਯਸ਼ਪਾਲ ਗੁਲਾਟੀ ਨੇ ਮਿੰਨੀ ਕਹਾਣੀ ‘ਤੀਰ ਨਿਸ਼ਾਨੇ ’ਤੇ’ ਪੇਸ਼ ਕੀਤੀ। ਪ੍ਰਿੰਸੀਪਲ ਡਾ. ਸੂਬਾ ਸਿੰਘ ਨੇ ਆਪਣੀ ਗੱਲਬਾਤ ਕਰਦਿਆਂ ਪਰਵਾਸ ਵਿਚ ਇਪਸਾ ਦੇ ਅਦਬੀ ਉਪਰਾਲਿਆਂ ਅਤੇ ਲਾਇਬ੍ਰੇਰੀ ਵਿਚ ਲੱਗੇ ਮਰਹੂਮ ਹਸਤੀਆਂ ਦੇ ਪੋਰਟਰੇਟਾਂ ਨੂੰ ਚੰਗੀ ਪਹਿਲਕਦਮੀ ਕਿਹਾ। ਗੀਤਕਾਰ ਨਿਰਮਲ ਸਿੰਘ ਦਿਓਲ ਨੇ ਆਈ ਹੋਈ ਮਹਿਮਾਨ ਲੇਖਿਕਾ ਜਗਦੀਪ ਕੌਰ ਬਰਾੜ ਦੀ ਜੀਵਨ ਯਾਤਰਾ ਅਤੇ ਪਰਿਵਾਰਕ ਪਿਛੋਕੜ ਬਾਰੇ ਚਾਨਣਾ ਪਾਇਆ। ਅੰਤ ਵਿਚ ਕਵਿੱਤਰੀ ਜਗਦੀਪ ਕੌਰ ਬਰਾੜ ਨੇ ਆਪਣੇ ਜੀਵਨ ਤਜ਼ਰਬਿਆਂ ਨਾਲ ਸਾਂਝ ਪਵਾਉਂਦਿਆਂ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਦੱਸਿਆ। ਜਗਦੀਪ ਕੌਰ ਬਰਾੜ ਨੇ ਆਪਣੀਆਂ ਕਵਿਤਾਵਾਂ ਨਾਲ ਸਮਾਜ ਦੇ ਹਨੇਰੇ ਪੱਖਾਂ ’ਤੇ ਉਂਗਲ ਰੱਖਦਿਆਂ ਬਹੁਤ ਖ਼ੂਬਸੂਰਤ ਅੰਦਾਜ਼ ਵਿਚ ਪੇਸ਼ਕਾਰੀ ਕੀਤੀ। ਇਪਸਾ ਵੱਲੋਂ ਪ੍ਰੋਫ਼ੈਸਰ ਰਜਿੰਦਰ ਸਿੰਘ ਬਰਾੜ ਅਤੇ ਜਗਦੀਪ ਕੌਰ ਬਰਾੜ ਜੀ ਨੂੰ ਯਾਦਗਾਰੀ ਚਿੰਨ੍ਹ ਅਤੇ ਇਪਸਾ ਸੋਵੀਨਾਰ ਭੇਂਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਬਰਾੜ, ਪਾਲ ਰਾਊਕੇ, ਜਸਪਾਲ ਸੰਘੇੜਾ, ਸੁਖਵੀਰ ਸਿੰਘ ਮਾਨ, ਪ੍ਰੋਫੈਸਰ ਪਰਦੁਮਨ ਸਿੰਘ, ਅਜਾਇਬ ਸਿੰਘ ਵਿਰਕ, ਬਲਵਿੰਦਰ ਕੌਰ ਵਿਰਕ, ਬਿਕਰਮਜੀਤ ਸਿੰਘ ਚੰਦੀ ਅਤੇ ਅਰਸ਼ਦੀਪ ਸਿੰਘ ਦਿਓਲ ਹਾਜ਼ਰ ਸਨ।