ਰੋਮ, 19 ਅਪ੍ਰੈਲ (ਪੰਜਾਬ ਮੇਲ)- ਇਟਲੀ ਦੇ ਬੇਰਗਾਮੋ ਸੂਬੇ ਦੇ ਕੋਵੋ (Covo) ਵਿੱਚ ਦੋ ਭਾਰਤੀ ਨਾਗਰਿਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਵਿਸਾਖੀ ਦੇ ਸਮਾਗਮ ਲਈ ਵਰਤੇ ਜਾ ਰਹੇ ਇੱਕ ਗੋਦਾਮ (ਵੇਅਰਹਾਊਸ) ਵਿੱਚੋਂ ਬਾਹਰ ਆ ਰਹੇ ਸਨ।
‘ਲਾ ਸਿਸੀਲੀਆ’ ਅਖ਼ਬਾਰ ਦੇ ਅਨੁਸਾਰ, ਇਹ ਹਮਲਾ ਸ਼ੁੱਕਰਵਾਰ ਅੱਧੀ ਰਾਤ ਕਸਬੇ ਦੇ ਉਦਯੋਗਿਕ ਖੇਤਰ ਵਿੱਚ ਸਥਿਤ ‘ਗੁਰਦੁਆਰਾ ਮਾਤਾ ਸਾਹਿਬ ਕੌਰ ਜੀ’ ਦੇ ਸਾਹਮਣੇ ਵਾਲੇ ਚੌਕ ਵਿੱਚ ਹੋਇਆ।
ਮ੍ਰਿਤਕਾਂ ਦੀ ਪਛਾਣ 48 ਸਾਲਾ ਰਘੁਵਿੰਦਰ ਸਿੰਘ (ਨਿਵਾਸੀ ਕੋਵੋ) ਅਤੇ 48 ਸਾਲਾ ਗੁਰਮੀਤ ਸਿੰਘ (ਨਿਵਾਸੀ ਅਗਨਾਡੇਲੋ) ਵਜੋਂ ਹੋਈ ਹੈ।
ਅਖ਼ਬਾਰ ਦੀ ਰਿਪੋਰਟ ਮੁਤਾਬਕ ਹਮਲਾਵਰ ਕਥਿਤ ਤੌਰ ‘ਤੇ ਵਿਅਕਤੀਆਂ ਦੇ ਕੋਲ ਆਇਆ, ਗੋਲੀਆਂ ਚਲਾਈਆਂ ਅਤੇ ਫਿਰ ਕਾਰ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਿਆ।
ਰਿਪੋਰਟ ਮੁਤਾਬਕ ਸ਼ੁਰੂਆਤੀ ਪੜਤਾਲ ਤੋਂ ਇਹ ਸਾਫ਼ ਹੋ ਗਿਆ ਹੈ ਕਿ ਇਹ ਕੋਈ ਅਚਾਨਕ ਹੋਈ ਲੜਾਈ ਜਾਂ ਝਗੜੇ ਦਾ ਮਾਮਲਾ ਨਹੀਂ ਸੀ।
ਪੁਲੀਸ ਅਧਿਕਾਰੀ ਇਸ ਘਟਨਾ ਨੂੰ ਯੋਜਨਾਬੱਧ ਤਰੀਕੇ ਨਾਲ ਤਿਆਰ ਕੀਤੀ ਗਈ ਕਤਲ ਦਾ ਵਾਰਦਾਤ ਮੰਨ ਕੇ ਜਾਂਚ ਕਰ ਰਹੇ ਹਨ। ਪੁਲੀਸ ਨੂੰ ਘਟਨਾ ਵਾਲੀ ਵਾਲੀ ਥਾਂ ਤੋਂ ਗੋਲੀਆਂ ਦੇ ਲਗਪਗ 10 ਖ਼ੋਲ ਵੀ ਮਿਲੇ ਹਨ।
ਇੱਕ ਚਸ਼ਮਦੀਦ ਦੇ ਹਵਾਲੇ ਨਾਲ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਗੋਲੀ ਚਲਾਉਣ ਵਾਲਾ ਇੱਕ ਭਾਰਤੀ ਸੀ ਜੋ ਅਕਸਰ ਗੁਰਦੁਆਰਾ ਸਾਹਿਬ ਆਉਂਦਾ ਰਹਿੰਦਾ ਸੀ। ਦੱਸਣਯੋਗ ਹੈ ਕਿ ਸਥਾਨਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਨਿੱਚਰਵਾਰ ਨੂੰ ਨੇੜੇ ਹੀ ਵਿਸਾਖੀ ਦਾ ਸਮਾਗਮ ਉਲੀਕਿਆ ਗਿਆ ਸੀ।

