#EUROPE

ਇਟਲੀ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕਰੇਗਾ 151,000 ‘ਵਰਕ ਪਰਮਿਟ’

-ਭਾਰਤੀਆਂ ਨੂੰ ਹੋ ਸਕਦੈ ਸਭ ਤੋਂ ਵੱਧ ਫਾਇਦਾ
ਰੋਮ, 28 ਫਰਵਰੀ (ਪੰਜਾਬ ਮੇਲ)- ਯੂਰਪ ਦੇ ਸਭ ਤੋਂ ਉਦਯੋਗਿਕ ਦੇਸ਼ਾਂ ਵਿਚੋਂ ਇੱਕ ਇਟਲੀ ਨੂੰ ਕਾਮਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਇਟਲੀ ਨੇ ਵਿਦੇਸ਼ੀ ਨਾਗਰਿਕਾਂ ਨੂੰ 151,000 ਵਰਕ ਪਰਮਿਟ ਮੁਹੱਈਆ ਕਰਵਾਏ ਹਨ। ਇਨ੍ਹਾਂ ਕਾਮਿਆਂ ਨੂੰ ਕੰਮ ਕਰਨ ਲਈ ਦੁਨੀਆਂ ਭਰ ਦੇ ਦੇਸ਼ਾਂ ਤੋਂ ਇਟਲੀ ਬੁਲਾਇਆ ਜਾਵੇਗਾ। ਇਸ ਦੇ ਨਾਲ ਹੀ ਗੈਰ-ਮੌਸਮੀ ਕਾਮਿਆਂ ਲਈ ਘੱਟੋ-ਘੱਟ 61,250 ਵਰਕ ਪਰਮਿਟ ਰਾਖਵੇਂ ਰੱਖੇ ਗਏ ਹਨ, ਜਦੋਂਕਿ 700 ਸਥਾਨ ਸਵੈ-ਰੁਜ਼ਗਾਰ ਵਾਲੇ ਵਿਦੇਸ਼ੀ ਕਾਮਿਆਂ ਲਈ ਰਾਖਵੇਂ ਹਨ। ਇਟਲੀ ਦੇ ਇਸ ਵਰਕ ਪਰਮਿਟ ਦਾ ਸਭ ਤੋਂ ਵੱਧ ਫ਼ਾਇਦਾ ਭਾਰਤ ਨੂੰ ਹੋ ਸਕਦਾ ਹੈ। ਹੁਨਰਮੰਦ ਅਤੇ ਗੈਰ-ਕੁਸ਼ਲ ਕਰਮਚਾਰੀ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਚੋਟੀ ਦੇ ਦੇਸ਼ਾਂ ਵਿੱਚੋਂ ਇੱਕ ਹੈ।
ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਵਿਦੇਸ਼ੀ ਕਾਮਿਆਂ ਨੂੰ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਆਧਾਰ ‘ਤੇ ਵਰਕ ਪਰਮਿਟ ਦਿੱਤੇ ਜਾਣਗੇ। ਇਸਦਾ ਮਤਲਬ ਹੈ ਕਿ ਜੋ ਉਮੀਦਵਾਰ ਪਹਿਲਾਂ ਅਪਲਾਈ ਕਰਦੇ ਹਨ, ਉਹ ਪਰਮਿਟ ਪ੍ਰਾਪਤ ਕਰ ਸਕਦੇ ਹਨ ਅਤੇ ਸਾਰੀਆਂ ਸ਼ਰਤਾਂ ਪੂਰੀਆਂ ਕਰ ਸਕਦੇ ਹਨ। ਇਟਲੀ ਦੀ ਸਰਕਾਰ ਨੇ ਗੈਰ-ਮੌਸਮੀ ਕਾਮਿਆਂ ਦੀਆਂ ਦੋ ਸ਼੍ਰੇਣੀਆਂ ਲਈ ਘੱਟੋ-ਘੱਟ 89,050 ਕੋਟੇ ਸਥਾਨਾਂ ਦਾ ਐਲਾਨ ਕੀਤਾ ਹੈ। ਇਟਲੀ ਨਾਲ ਦੁਵੱਲੇ ਜਾਂ ਮਾਈਗ੍ਰੇਸ਼ਨ ਸਮਝੌਤੇ ਵਾਲੇ ਦੇਸ਼ਾਂ ਦੇ ਗੈਰ-ਮੌਸਮੀ ਕਾਮੇ 18 ਮਾਰਚ ਤੋਂ ਵਰਕ ਪਰਮਿਟ ਲਈ ਅਰਜ਼ੀ ਦੇ ਸਕਣਗੇ। ਉਨ੍ਹਾਂ ਦੇਸ਼ਾਂ ਦੇ ਗੈਰ-ਮੌਸਮੀ ਕਾਮੇ ਜਿਨ੍ਹਾਂ ਦਾ ਇਟਲੀ ਨਾਲ ਕੋਈ ਸਮਝੌਤਾ ਨਹੀਂ ਹੈ, ਉਹ 21 ਮਾਰਚ ਤੋਂ ਆਪਣੇ ਵਰਕ ਪਰਮਿਟ ਦੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ।
ਇਟਲੀ ਨੂੰ ਸਭ ਤੋਂ ਵੱਧ ਮੰਗੇ ਜਾਣ ਵਾਲੇ ਪੇਸ਼ਿਆਂ, ਜਿਵੇਂ ਕਿ ਡਾਕਟਰ, ਨਰਸਾਂ ਅਤੇ ਫਿਜ਼ੀਓਥੈਰੇਪਿਸਟ ਵਿਚ ਉੱਚ ਹੁਨਰਮੰਦ ਕਾਮਿਆਂ ਦੀ ਵੀ ਲੋੜ ਹੈ। ਭਾਰਤ ਵਿਚ ਅਜਿਹੇ ਉਮੀਦਵਾਰਾਂ ਦੀ ਗਿਣਤੀ ਕਰੋੜਾਂ ਵਿਚ ਹੈ। ਅਜਿਹੀ ਸਥਿਤੀ ਵਿਚ ਭਾਰਤ ਤੋਂ ਯੋਗ ਉਮੀਦਵਾਰ ਸਭ ਤੋਂ ਵੱਧ ਲਾਭ ਉਠਾ ਸਕਦੇ ਹਨ। ਭਾਰਤੀ ਡਾਕਟਰ, ਨਰਸਾਂ ਅਤੇ ਫਿਜ਼ੀਓਥੈਰੇਪਿਸਟ ਪਹਿਲਾਂ ਹੀ ਦੁਨੀਆਂ ਭਰ ਦੇ ਦੇਸ਼ਾਂ ਵਿਚ ਸੇਵਾ ਕਰ ਰਹੇ ਹਨ। ਅਜਿਹੇ ‘ਚ ਉਨ੍ਹਾਂ ਕੋਲ ਇਟਲੀ ਦੇ ਰੂਪ ‘ਚ ਨਵਾਂ ਵਿਕਲਪ ਵੀ ਮੌਜੂਦ ਹੋਵੇਗਾ।