#OTHERS

ਇਟਲੀ ਪੁਲਿਸ ਵੱਲੋਂ ਸਮੁੰਦਰ ‘ਚ ਤੈਰ ਰਹੀ 5300 ਕਿਲੋ ਕੋਕੀਨ ਜ਼ਬਤ

-ਵੱਡੇ ਰੈਕਟ ਦਾ ਪਰਦਾਫਾਸ਼
ਇਟਲੀ, 22 ਜੁਲਾਈ (ਪੰਜਾਬ ਮੇਲ)- ਇਟਲੀ ਪੁਲਿਸ ਨੇ ਸਮੁੰਦਰ ਵਿਚ ਤੈਰ ਰਹੀ 5300 ਕਿਲੋ ਕੋਕੀਨ ਜ਼ਬਤ ਕੀਤੀ ਹੈ। ਸਿਸਲੀ ਸਿਟੀ ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਕੋਕੀਨ ਦੀ ਕੀਮਤ ਕਰੀਬ 7,000 ਕਰੋੜ ਰੁਪਏ ਦੱਸੀ ਗਈ ਹੈ। ਖਬਰਾਂ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੱਖਣੀ ਅਮਰੀਕਾ ਤੋਂ ਇਕ ਜਹਾਜ਼ ‘ਚ ਕੋਕੀਨ ਭੇਜੀ ਜਾ ਰਹੀ ਹੈ।
ਉਦੋਂ ਤੋਂ ਹੀ ਇਟਲੀ ਦੇ ਕੋਸਟ ਗਾਰਡ ਉੱਥੋਂ ਆਉਣ ਵਾਲੇ ਜਹਾਜ਼ਾਂ ‘ਤੇ ਨਜ਼ਰ ਰੱਖ ਰਹੇ ਸਨ। ਪੁਲਿਸ ਤੋਂ ਬਚਣ ਲਈ ਤਸਕਰਾਂ ਨੇ ਕੋਕੀਨ ਦੇ ਪੈਕੇਟ ਸਮੁੰਦਰ ਵਿਚ ਸੁੱਟ ਦਿੱਤੇ। ਇਸ ਤੋਂ ਬਾਅਦ ਇਟਲੀ ਵਿਚ ਡਰੱਗ ਮਾਫੀਆ ਕੋਕੀਨ ਨੂੰ ਮੱਛੀ ਫੜਨ ਵਾਲੀ ਕਿਸ਼ਤੀ ਵਿਚ ਪਾ ਕੇ ਲਿਜਾ ਰਿਹਾ ਸੀ। ਇਸ ਦੌਰਾਨ ਇਟਲੀ ਦੇ ਸਰਵਿਲਾਂਸ ਏਅਰਕ੍ਰਾਫਟ ਦੀ ਨਜ਼ਰ ਇਹਨਾਂ ਤਸਕਰਾਂ ‘ਤੇ ਪਈ।
ਤਸਕਰਾਂ ਨੂੰ ਨਸ਼ੀਲੇ ਪਦਾਰਥ ਲੈ ਕੇ ਜਾਂਦੇ ਦੇਖ ਕੇ, ਕੋਸਟ ਗਾਰਡ ਦੇ ਜਹਾਜ਼ ਨੇ ਸਿਸਲੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ 2 ਟਿਊਨੀਸ਼ੀਅਨ, 1 ਇਟਾਲੀਅਨ, 1 ਅਲਬਾਨੀਅਨ ਅਤੇ ਇਕ ਫਰਾਂਸੀਸੀ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਕੋਕੀਨ ਇਟਲੀ ਭੇਜਣ ਵਾਲੇ ਸਮੱਗਲਰਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਪੁਲਿਸ ਵੱਲੋਂ ਸਮੇਂ ਸਿਰ ਕੀਤੀ ਕਾਰਵਾਈ ਦੀ ਸਿਸਲੀ ਦੇ ਪ੍ਰਧਾਨ ਰਿਨਾਟੋ ਸ਼ਿਫਾਨੀ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ- ਨਸ਼ਾ ਸਾਡੇ ਦੇਸ਼ ਲਈ ਵੱਡੀ ਸਮੱਸਿਆ ਹੈ। ਕੁਝ ਬੇਸ਼ਰਮ ਲੋਕਾਂ ਨੇ ਪਰਿਵਾਰਾਂ ਅਤੇ ਲੋਕਾਂ ਨੂੰ ਖ਼ਤਰੇ ਵਿਚ ਪਾਉਣ ਲਈ ਇਸ ਦੇ ਬੀਜ ਬੀਜੇ ਹਨ।
ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ‘ਚ ਵੀ ਇਟਲੀ ਦੇ ਕੋਸਟ ਗਾਰਡ ਨੇ ਸਮੁੰਦਰ ਵਿਚ ਤੈਰਦੇ ਨਸ਼ੇ ਨੂੰ ਕਾਬੂ ਕੀਤਾ ਸੀ। ਇਟਲੀ ਦੇ ਸਮੁੰਦਰੀ ਨਿਗਰਾਨੀ ਹਵਾਈ ਜਹਾਜ਼ ਨੇ ਸਿਸਲੀ ਤੱਟ ‘ਤੇ 2,000 ਕਿਲੋਗ੍ਰਾਮ ਕੋਕੀਨ ਨੂੰ ਤੈਰਦੇ ਹੋਏ ਦੇਖਿਆ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਟਲੀ ਦੇ ਕਸਟਮ ਵਿਭਾਗ ਵੱਲੋਂ 70 ਪੈਕਟ ਜ਼ਬਤ ਕੀਤੇ ਗਏ ਸਨ। ਜਦੋਂ ਇਸ ਨੂੰ ਜ਼ਮੀਨ ‘ਤੇ ਲਿਆ ਕੇ ਪੈਕੇਟ ਖੋਲ੍ਹਿਆ ਗਿਆ, ਤਾਂ ਉਸ ‘ਚ ਕੋਕੀਨ ਨਿਕਲੀ।
ਕਸਟਮ ਅਧਿਕਾਰੀਆਂ ਮੁਤਾਬਕ ਕੋਕੀਨ ਦੇ ਪੈਕੇਟ ਮੱਛੀਆਂ ਫੜਨ ਵਾਲੇ ਜਾਲ ‘ਚ ਲਪੇਟ ਕੇ ਸੁੱਟੇ ਗਏ ਸਨ। ਇਸ ਦੇ ਨਾਲ ਇੱਕ ਚਮਕਦਾਰ ਟ੍ਰੈਕਿੰਗ ਯੰਤਰ ਵੀ ਲਗਾਇਆ ਗਿਆ ਸੀ, ਤਾਂ ਜੋ ਇਸਨੂੰ ਬਾਅਦ ਵਿਚ ਬਰਾਮਦ ਕੀਤਾ ਜਾ ਸਕੇ। ਅਧਿਕਾਰੀਆਂ ਮੁਤਾਬਕ ਇਸ ਨੂੰ ਲੁਕਾਉਣ ਲਈ ਕਾਰਗੋ ਜਹਾਜ਼ ਤੋਂ ਸੁੱਟਿਆ ਗਿਆ ਸੀ। ਤਸਕਰਾਂ ਨੂੰ ਉਮੀਦ ਸੀ ਕਿ ਉਹ ਬਾਅਦ ਵਿਚ ਇਸ ਨੂੰ ਲੱਭ ਕੇ ਨਿਰਧਾਰਤ ਥਾਂ ‘ਤੇ ਸਪਲਾਈ ਕਰਨਗੇ।

Leave a comment