#EUROPE

ਇਟਲੀ ‘ਚ ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ‘ਚ ਸ਼ਹੀਦੀ ਸਮਾਗਮ ਕਰਵਾਇਆ

ਮਿਲਾਨ (ਇਟਲੀ), 7 ਅਗਸਤ (ਸਾਬੀ ਚੀਨੀਆ/ਗੋਗਨਾ/ਪੰਜਾਬ ਮੇਲ)- ਇਟਲੀ ਦੇ ਸ਼ਹਿਰ ਫੋਰਲੀ ਵਿਖੇ ਸਿੱਖ ਫ਼ੌਜੀਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ (ਰਜਿ.) ਨੇ ਇਟਲੀ ਦੀ ਕਮੂਨੇ ਅਤੇ ਫੋਰਲੀ ਦੀ ਸੰਗਤ ਨਾਲ ਮਿਲਕੇ 15ਵਾਂ ਸ਼ਹੀਦੀ ਸਮਾਗਮ ਕਰਵਾਇਆ, ਜਿਸ ਦੀ ਆਰੰਭਤਾ ਸ੍ਰੀ ਆਖੰਡ ਪਾਠ ਸਾਹਿਬ ਦੇ ਜੀ ਦੇ ਪਾਠ ਨਾਲ ਹੋਈ। ਜਿਸ ਵਿਚ ਇਟਲੀ ਦੇ ਪ੍ਰਸਿੱਧ ਢਾਡੀ ਸੁਖਵੀਰ ਸਿੰਘ ਭੌਰ ਨੇ ਸ਼ਹੀਦੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਫੋਰਲੀ ਦੇ ਪ੍ਰਸ਼ਾਸਨ ਅਧਿਕਾਰੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ‘ਚ ਫੋਰਲੀ, ਫੈਂਸਾ, ਮੁਰਾਦੀ, ਕਾਵਾਲਾਰਾ, ਪਾਲਾ ਸੋਲੋ, ਮਰਕਾਤੋ ਸਰਾਚੀਨੋ, ਕਾਸਤੋ ਫਰਾਂਕੋ, ਨੋਵੋਲਾਰਾ, ਫਰੈਂਸੇ ਦੇ ਮੇਅਰ ਤੇ ਫੋਰਲੀ ਦੀ ਪਰਫੈਤੋ, ਕਾਰਾਬਨੇਰੀ, ਪੁਲਿਸ, ਨਗਰ ਕੌਂਸਲ ਫੋਰਲੀ, ਮਿਲਟਰੀ ਤੋਂ ਪਹੁੰਚੇ ਕਈ ਅਧਿਕਾਰੀਆਂ ਨੇ ਸ਼ਰਧਾ ਦੇ ਫੁੱਲ ਅਰਪਣ ਕੀਤੇ। ਇਸ ਮੌਕੇ ਵਰਲਡ ਸਿੱਖ ਸ਼ਹੀਦ ਮਿਲਟਰੀ (ਰਜਿ.) ਇਟਲੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਸਤਿਨਾਮ ਸਿੰਘ, ਜਸਵੀਰ ਸਿੰਘ ਧਨੋਤਾ, ਗੁਰਮੇਲ ਸਿੰਘ ਭੱਟੀ ਪ੍ਰਧਾਨ ਰਾਜਪੂਤ ਸੇਵਾ ਸੁਸਾਇਟੀ, ਇੰਦਰਜੀਤ ਸਿੰਘ ਫੋਰਲੀ, ਜਸਪ੍ਰੀਤ ਸਿੰਘ ਸਿੱਧੂ ਕੋਰੇਜੋ, ਰਾਜ ਕੁਮਾਰ ਕੋਰੇਜੋ, ਭੁਪਿੰਦਰ ਸਿੰਘ ਪ੍ਰਧਾਨ ਪਾਰਮਾ ਗੁਰੂ ਘਰ, ਹਰੀ ਸਿੰਘ, ਸੁਰਜੀਤ ਸਿੰਘ ਬੇਗੋਵਾਲ, ਮਨਿਜੰਦਰ ਸਿੰਘ ਸੁਜਾਰਾ ਆਦਿ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਮੌਕੇ ਲੰਗਰਾਂ ਦੀ ਸੇਵਾ ਵੱਖ-ਵੱਖ ਸ਼ਹਿਰਾਂ ਬੋਲੋਨੀਆ, ਕੋਰੇਜੋ, ਅਨਕੋਨਾ, ਸੁਜਾਰਾ, ਪਾਰਮਾ ਅਤੇ ਨੋਵੋਲਾਰਾ ਦੇ ਗੁਰਦੁਆਰਾ ਸਾਹਿਬ ਦੀ ਸੰਗਤ ਨੇ ਕੀਤੀ।