ਮੋਦੀ ਵੱਲੋਂ ਜ਼ੇਲੈਂਸਕੀ, ਮੈਕਰੌਂ ਤੇ ਸੁਨਕ ਨਾਲ ਮੁਲਾਕਾਤ
ਬਾਰੀ (ਇਟਲੀ), 14 ਜੂਨ (ਪੰਜਾਬ ਮੇਲ)- ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਜੀ-7 ਸਿਖਰ ਵਾਰਤਾ ਲਈ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਇਥੇ ‘ਰਵਾਇਤੀ ਨਮਸਤੇ’ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਵਾਰਤਾ ‘ਚ ਸ਼ਾਮਲ ਹੋਣ ਲਈ ਵੀਰਵਾਰ ਦੇਰ ਰਾਤ ਇਟਲੀ ਦੇ ਅਪੁਲੀਆ ਪੁੱਜੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਟਲੀ ਦੇ ਅਪੂਲੀਆ ਖੇਤਰ ਵਿਚ ਜੀ 7 ਸਿਖ਼ਰ ਸੰਮੇਲਨ ਤੋਂ ਇਲਾਵਾ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਰਿਸ਼ੀ ਸੁਨਕ ਨਾਲ ਗੱਲਬਾਤ ਕੀਤੀ। ਪਤਾ ਲੱਗਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਸ਼੍ਰੀ ਮੋਦੀ ਨੂੰ ਰੂਸ-ਯੂਕਰੇਨ ਸੰਘਰਸ਼ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕਰੌਂ ਨੇ ਰੱਖਿਆ, ਪਰਮਾਣੂ ਅਤੇ ਪੁਲਾੜ ਦੇ ਖੇਤਰਾਂ ਸਮੇਤ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਇਸ ਤੋਂ ਬਾਅਦ ਸੁਨਕ ਨਾਲ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਇੱਕ ਦੂਜੇ ਨੂੰ ਗਲੇ ਲਗਾ ਕੇ ਸਵਾਗਤ ਕੀਤਾ।