#OTHERS

ਇਜ਼ਰਾਈਲ-ਹਮਾਸ ਵਿਚਕਾਰ ਜੰਗਬੰਦੀ ਸਮਝੌਤਾ ਐਤਵਾਰ ਤੋਂ ਹੋਵੇਗਾ ਲਾਗੂ

ਕਾਹਿਰਾ, 18 ਜਨਵਰੀ (ਪੰਜਾਬ ਮੇਲ)- ਹਮਾਸ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਸਮਝੌਤਾ ਐਤਵਾਰ ਸਵੇਰੇ 8.30 ਵਜੇ ਲਾਗੂ ਹੋ ਜਾਵੇਗਾ। ਕਤਰ ਦੇ ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕਤਰ ਦੇ ਵਿਦੇਸ਼ ਮੰਤਰੀ ਮਾਜਿਦ ਅਲ-ਅੰਸਾਰੀ ਨੇ ‘ਐਕਸ’ ‘ਤੇ ਇੱਕ ਪੋਸਟ ਵਿਚ ਕਿਹਾ, ”ਜੰਗਬੰਦੀ ਸਮਝੌਤਾ ਐਤਵਾਰ ਸਵੇਰੇ 8:30 ਵਜੇ ਤੋਂ ਲਾਗੂ ਹੋਵੇਗਾ।” ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਅਧਿਕਾਰੀਆਂ ਤੋਂ ਨਿਰਦੇਸ਼ਾਂ ਦੀ ਉਡੀਕ ਕਰਨ ਦੀ ਸਲਾਹ ਦਿੱਤੀ।
ਇਜ਼ਰਾਈਲੀ ਕੈਬਨਿਟ ਨੇ ਸ਼ਨੀਵਾਰ ਸਵੇਰੇ ਗਾਜ਼ਾ ਵਿਚ ਜੰਗਬੰਦੀ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ। ਇਸ ਸਮਝੌਤੇ ਦੇ ਲਾਗੂ ਹੋਣ ਦੇ ਬਾਅਦ ਦਰਜਨਾਂ ਬੰਧਕਾਂ ਨੂੰ ਰਿਹਾਅ ਕੀਤਾ ਜਾ ਸਕੇਗਾ ਅਤੇ ਹਮਾਸ ਨਾਲ 15 ਮਹੀਨਿਆਂ ਤੋਂ ਚੱਲ ਰਹੀ ਜੰਗ ‘ਤੇ ਰੋਕ ਲੱਗੇਗੀ। ਜੰਗਬੰਦੀ ਦੀਆਂ ਰਿਪੋਰਟਾਂ ਦੇ ਬਾਵਜੂਦ ਸ਼ਨੀਵਾਰ ਨੂੰ ਕੇਂਦਰੀ ਇਜ਼ਰਾਈਲ ਵਿਚ ਸਾਇਰਨ ਵੱਜੇ ਅਤੇ ਫੌਜ ਨੇ ਕਿਹਾ ਕਿ ਉਸ ਨੇ ਯਮਨ ਤੋਂ ਦਾਗੀਆਂ ਗਈਆਂ ਮਿਜ਼ਾਈਲਾਂ ਨੂੰ ਰੋਕ ਦਿੱਤਾ। ਇਸ ਤੋਂ ਪਹਿਲਾਂ, ਕਤਰ ਦੇ ਵਿਦੇਸ਼ ਮੰਤਰਾਲਾ ਨੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਐਤਵਾਰ ਸਵੇਰੇ 6:30 ਵਜੇ ਤੋਂ ਲਾਗੂ ਹੋਣ ਦੀ ਗੱਲ ਕਹੀ ਸੀ।