#CANADA

ਇਜ਼ਰਾਈਲ ਅਧਿਕਾਰੀਆਂ ਨੇ ਕੈਨੇਡੀਅਨ ਵਫ਼ਦ ਨੂੰ ਗਾਜ਼ਾ ਪੱਟੀ ‘ਚ ਦਾਖਲ ਹੋਣ ਤੋਂ ਰੋਕਿਆ

ਵਿਨੀਪੈੱਗ, 18 ਦਸੰਬਰ (ਪੰਜਾਬ ਮੇਲ)-ਬੀਤੇ ਦਿਨੀਂ ਗਾਜ਼ਾ ਪੱਟੀ ਦੇ ਹਾਲਾਤ ਜਾਣਨ ਲਈ ਉੱਥੇ ਪੁੱਜੇ 6 ਕੈਨੇਡੀਅਨ ਐੱਮ.ਪੀਜ਼ ਦੇ ਇਕ ਵਫ਼ਦ ਨੂੰ ਇਜ਼ਰਾਈਲੀ ਅਧਿਕਾਰੀਆਂ ਉਸ ਖੇਤਰ ਵਿਚ ਜਾਣ ਤੋਂ ਰੋਕ ਦਿੱਤਾ। ਵਿਦੇਸ਼ ਮੰਤਰੀ ਅਨੀਤਾ ਅਨੰਦ ਨੇ ਜਨਤਕ ਤੌਰ ‘ਤੇ ਇਜ਼ਰਾਈਲੀ ਅਧਿਕਾਰੀਆਂ ਦੀ ਇਸ ਕਾਰਵਾਈ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ। ਐੱਨ.ਡੀ.ਪੀ. ਅਤੇ ਲਿਬਰਲ ਸੰਸਦ ਮੈਂਬਰਾਂ, ਜੋ ਕਿ ਤੱਥ-ਖੋਜ ਦੌਰੇ ‘ਤੇ ਲਗਭਗ 30 ਕੈਨੇਡੀਅਨਾਂ ਦੇ ਵਫ਼ਦ ਦਾ ਹਿੱਸਾ ਸਨ, ਨੂੰ ਜਾਰਡਨ ਨਾਲ ਇਜ਼ਰਾਈਲੀ ਸਰਹੱਦੀ ਕਰਾਸਿੰਗ ‘ਤੇ ਵੈਸਟ ਬੈਂਕ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ। ਇਸ ਯਾਤਰਾ ਵਿਚ ਵਫ਼ਦ ਦੇ 6 ਐੱਮ.ਪੀਜ਼ ਵਿਚ ਲਿਬਰਲ ਐੱਮ.ਪੀ. ਫਾਰੇਸ ਅਲ ਸੂਦ, ਇਕਰਾ ਖਾਲਿਦ, ਅਸਲਮ ਰਾਣਾ, ਗੁਰਬਖ਼ਸ਼ ਸੈਣੀ ਅਤੇ ਸਮੀਰ ਜ਼ੁਬੇਰੀ ਅਤੇ ਐੱਨ.ਡੀ.ਪੀ.ਐੱਮ.ਪੀ. ਜੈਨੀ ਕਵਾਨ ਸ਼ਾਮਲ ਹਨ।
ਕੈਨੇਡਾ ਨੇ ਇਜ਼ਰਾਈਲੀ ਅਧਿਕਾਰੀਆਂ ਨੂੰ ਦੌਰੇ ਦੀ ਪਹਿਲਾਂ ਤੋਂ ਸੂਚਨਾ ਦਿੱਤੀ ਗਈ ਸੀ ਅਤੇ ਸੰਸਦ ਮੈਂਬਰਾਂ ਦੇ ਇਲੈਕਟ੍ਰਾਨਿਕ ਯਾਤਰਾ ਅਧਿਕਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਓਟਾਵਾ ਵਿਚ ਇਜ਼ਰਾਈਲ ਦੇ ਦੂਤਾਵਾਸ ਨੇ ਇਕ ਬਿਆਨ ਵਿਚ ਕਿਹਾ ਕਿ ਵਫ਼ਦ ਨੂੰ ਦਾਖਲ ਹੋਣ ਤੋਂ ਇਸ ਲਈ ਰੋਕ ਦਿੱਤਾ ਗਿਆ ਕਿਉਂਕਿ ਜਿਸ ਸਮੂਹ ਨੇ ਇਸ ਦੌਰੇ ਦਾ ਆਯੋਜਨ ਕੀਤਾ ਸੀ, ਉਸ ਨੂੰ ਇਕ ਗੈਰ-ਮੁਨਾਫ਼ਾ ਕੈਨੇਡੀਅਨ ਮੁਸਲਿਮ ਸੰਸਥਾ ਵੱਲੋਂ ‘ਫੰਡਿੰਗ ਦਾ ਵੱਡਾ ਹਿੱਸਾ’ ਪ੍ਰਾਪਤ ਹੋਇਆ ਸੀ। ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਦੇ ਬੁਲਾਰੇ ਮੁਤਾਬਕ, ਹਰ ਮੈਂਬਰ ਨੂੰ ਇਕ ਫਾਰਮ ‘ਤੇ ਦਸਤਖ਼ਤ ਕਰਨ ਲਈ ਕਿਹਾ ਗਿਆ ਸੀ, ਜਿਸ ਵਿਚ ਇਹ ਲਿਖਿਆ ਹੋਇਆ ਸੀ ਕਿ ਉਹ ਮੰਨਦੇ ਹਨ ਕਿ ਉਹ ਜਨਤਕ ਸੁਰੱਖਿਆ ਲਈ ਖ਼ਤਰਾ ਨਹੀਂ ਹਨ।
ਵਫ਼ਦ ਦੇ ਸਾਰੇ ਮੈਂਬਰਾਂ ਨੇ ਇਸ ਫਾਰਮ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਤਿੰਨ ਰੋਜ਼ਾ ਇਸ ਯਾਤਰਾ ਦਾ ਮਕਸਦ ਬੇਘਰ ਕੀਤੇ ਗਏ ਫ਼ਲਸਤੀਨੀਆਂ ਨਾਲ ਮੁਲਾਕਾਤ ਕਰਨਾ ਸੀ। ਯਾਤਰਾ ਦੌਰਾਨ ਵਫ਼ਦ ਨੇ ਵੈਸਟ ਬੈਂਕ ਅਤੇ ਇਜ਼ਰਾਈਲ ਵੀ ਜਾਣਾ ਸੀ।
ਇਜ਼ਰਾਈਲੀ ਸਰਕਾਰ ਨੇ 2014 ਵਿਚ ਦੋਸ਼ ਲਗਾਇਆ ਸੀ ਕਿ ਇਸਲਾਮਿਕ ਰਿਲੀਫ ਵਰਲਡ ਵਾਈਡ ਨੇ ਹਮਾਸ ਨੂੰ ਪੈਸੇ ਭੇਜੇ ਸਨ। ਉਧਰ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਇਜ਼ਰਾਈਲ ਵੱਲੋਂ ਐੱਮ.ਪੀਜ਼ ਨੂੰ ਵੈਸਟ ਬੈਂਕ ਵਿਚ ਦਾਖਲ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਦੀ ਨਿੰਦਾ ਕਰ ਰਹੀ ਹੈ। ਸੰਸਥਾ ਦਾ ਕਹਿਣਾ ਹੈ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਰੋਕਣਾ ਉਨ੍ਹਾਂ ਦੀ ਤੱਥ-ਖੋਜ ਮਿਸ਼ਨਾਂ ਨੂੰ ਪੂਰਾ ਕਰਨ ਦੀ ਯੋਗਤਾ ਬਾਰੇ ਚਿੰਤਾਵਾਂ ਪੈਦਾ ਕਰਦਾ ਹੈ।
ਕੈਨੇਡੀਅਨ ਮੁਸਲਿਮ ਵੋਟ, ਜੋ ਕਿ ਨਾਗਰਿਕ ਸ਼ਮੂਲੀਅਤ ਅਤੇ ਵੋਟ ਅਧਿਕਾਰ ਨੂੰ ਉਤਸ਼ਾਹਿਤ ਕਰਦਾ ਹੈ, ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਬਿਨਾਂ ਕਿਸੇ ਸਮੱਸਿਆ ਦੇ ਮੱਧ ਪੂਰਬ ਦਾ ਇਕ ਅਜਿਹਾ ਦੌਰਾ ਆਯੋਜਿਤ ਕੀਤਾ ਸੀ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰੀ ਨਹੀਂ, ਜਦੋਂ ਕੈਨੇਡਾ ਦੇ ਐੱਮ.ਪੀ. ਮੱਧ ਪੂਰਬ ਦੇ ਇਸ ਇਲਾਕੇ ਦਾ ਦੌਰਾ ਕਰਨ ਗਏ ਹੋਣ। ਜਨਵਰੀ 2024 ‘ਚ ਕੈਨੇਡੀਅਨ ਮੁਸਲਿਮ ਵੋਟ ਨੇ ਜੌਰਡਨ ਅਤੇ ਵੈਸਟ ਬੈਂਕ ਲਈ ਇਕ ਯਾਤਰਾ ਆਯੋਜਿਤ ਕੀਤੀ ਸੀ।