ਯੇਰੁਸ਼ਲਮ, 7 ਅਕਤੂਬਰ (ਪੰਜਾਬ ਮੇਲ)- ਹਮਾਸ ਦੇ ਰਾਕੇਟ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੇਸ਼ ਦੀ ਫੌਜ ਨੂੰ ਹਮਾਸ ਦੇ ਕੱਟੜਪੰਥੀਆਂ ਦੀ ਘੁਸਪੈਠ ਵਾਲੇ ਸ਼ਹਿਰਾਂ ਨੂੰ ਖ਼ਾਲੀ ਕਰਨ ਦਾ ਆਦੇਸ਼ ਦਿੱਤਾ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਫਲਸਤੀਨੀ ਅੱਤਵਾਦੀ ਗਾਜ਼ਾ ਪੱਟੀ ਤੋਂ ਇਜ਼ਰਾਈਲ ਵਿਚ ਦਾਖਲ ਹੋਏ ਹਨ ਅਤੇ ਸਰਹੱਦੀ ਖੇਤਰਾਂ ‘ਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਫਲਸਤੀਨੀ ਕੱਟੜਪੰਥੀਆਂ ਨੇ ਸ਼ਨੀਵਾਰ ਤੜਕੇ ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਤੇ ਹਜ਼ਾਰਾਂ ਰਾਕੇਟ ਦਾਗੇ ਅਤੇ ਆਪਣੇ ਦਰਜਨਾਂ ਲੜਾਕਿਆਂ ਨੂੰ ਇਜ਼ਰਾਈਲ ਦੀ ਸਰਹੱਦ ਵਿਚ ਘੁਸਪੈਠ ਕਰ ਦਿੱਤੀ। ਇਸ ਦੌਰਾਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਕ ਟੈਲੀਵਿਜ਼ਨ ਸੰਬੋਧਨ ਵਿਚ ਦਾਅਵਾ ਕੀਤਾ ਕਿ ਹਮਾਸਅਜਿਹੀ ਕੀਮਤ ਚੁਕਾਏਗਾ, ਜਿਸਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ।ਨੇਤਨਯਾਹੂ ਨੇ ਕਿਹਾ ਕਿ ਅਸੀਂ ਜੰਗ ਵਿਚ ਹਾਂ। ਮੁਹਿੰਮ ਨਹੀਂ, ਸਗੋਂ ਜੰਗ ਸ਼ੁਰੂ ਹੋ ਗਈ ਹੈ। ਇਸ ਦੌਰਾਨ ਹਮਾਸ ਵੱਲੋਂ ਕੀਤੇ ਗਏ ਹਮਲਿਆਂ ਦੀਆਂ ਰੂਹ ਕੰਬਾਊ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।
ਹਮਾਸ ਦੁਆਰਾ ਵੱਡੀ ਗਿਣਤੀ ਵਿਚ ਰਾਕੇਟ ਦਾਗੇ ਜਾਣ ਅਤੇ ਦੱਖਣੀ ਇਜ਼ਰਾਈਲ ਵਿਚ ਅੱਤਵਾਦੀਆਂ ਦੀ ਘੁਸਪੈਠ ਤੋਂ ਬਾਅਦ ਇਜ਼ਰਾਈਲ ਨੇ ਸ਼ਨੀਵਾਰ ਸਵੇਰੇ ”ਜੰਗ ਲਈ ਤਿਆਰ ਰਹਿਣ” ਦਾ ਸੰਦੇਸ਼ ਜਾਰੀ ਕੀਤਾ। ਹਮਾਸ ਦੇ ਰਾਕੇਟ ਹਮਲੇ ‘ਚ 22 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ‘ਚ ਕਿਹਾ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸੁਰੱਖਿਆ ਅਦਾਰਿਆਂ ਦੇ ਸਾਰੇ ਮੁਖੀਆਂ ਦੇ ਨਾਲ ਮੌਜੂਦਾ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਰੱਖਿਆ ਮੰਤਰਾਲਾ ਦੇ ਮੁੱਖ ਦਫ਼ਤਰ ਲਈ ਰਵਾਨਾ ਹੋ ਗਏ ਹਨ।