-ਜੰਗਬੰਦੀ ਦੀ ਗੱਲਬਾਤ ਦਰਮਿਆਨ ਤਿੰਨ ਹਵਾਈ ਹਮਲੇ ਕੀਤੇ
ਦੀਰ ਅਲ-ਬਲਾਹ, 20 ਜੁਲਾਈ (ਪੰਜਾਬ ਮੇਲ)- ਇਜ਼ਰਾਇਲ ਅਤੇ ਹਮਾਸ ਵਿਚਾਲੇ ਜੰਗਬੰਦੀ ਦੀ ਗੱਲਬਾਤ ਦੌਰਾਨ ਮੱਧ ਗਾਜ਼ਾ ਪੱਟੀ ‘ਤੇ ਕੀਤੇ ਹਮਲਿਆਂ ‘ਚ 13 ਫਲਸਤੀਨੀ ਮਾਰੇ ਗਏ। ਫਲਸਤੀਨੀ ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਜ਼ਰਾਇਲ ਨੇ ਅੱਜ ਮੱਧ ਗਾਜ਼ਾ ਵਿਚ ਸ਼ਰਨਾਰਥੀ ਕੈਂਪਾਂ ‘ਤੇ ਤਿੰਨ ਹਵਾਈ ਹਮਲੇ ਕੀਤੇ, ਜਿਸ ਵਿਚ 13 ਜਣੇ ਮਾਰੇ ਗਏ। ਦੂਜੇ ਪਾਸੇ ਕਾਇਰੋ ਵਿਚ ਜੰਗਬੰਦੀ ਦੀ ਗੱਲਬਾਤ ਚਲ ਰਹੀ ਹੈ।
ਇਸ ਹਮਲੇ ਤੋਂ ਬਾਅਦ ਐਂਬੂਲੈਂਸ ਟੀਮਾਂ ਨੇ ਨੁਸੀਰਤ ਸ਼ਰਨਾਰਥੀ ਕੈਂਪ ਅਤੇ ਬੁਰੀਜ ਸ਼ਰਨਾਰਥੀ ਕੈਂਪ ਵਿਚੋਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਦੌਰਾਨ ਪੱਤਰਕਾਰਾਂ ਵੱਲੋਂ ਮ੍ਰਿਤਕ ਦੇਹਾਂ ਦੀ ਗਿਣਤੀ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਸ ਹਮਲੇ ਵਿਚ 13 ਜਣੇ ਹਲਾਕ ਹੋ ਗਏ। ਮਰਨ ਵਾਲਿਆਂ ਵਿਚ ਤਿੰਨ ਬੱਚੇ ਅਤੇ ਇੱਕ ਔਰਤ ਸ਼ਾਮਲ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਵਿਚ ਇਕ ਗਰਭਵਤੀ ਮਾਰੀ ਗਈ, ਜਿਸ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਬੱਚੇ ਨੂੰ ਬਚਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਗਾਜ਼ਾ ਵਿਚ ਹਮਾਸ ਦੇ ਦੱਖਣੀ ਇਜ਼ਰਾਇਲ ਉੱਤੇ 7 ਅਕਤੂਬਰ ਦੇ ਹਮਲੇ ਤੋਂ ਬਾਅਦ ਜੰਗ ਸ਼ੁਰੂ ਹੋਈ ਸੀ, ਜਿਸ ਵਿਚ ਹੁਣ ਤੱਕ 39 ਹਜ਼ਾਰ ਦੇ ਕਰੀਬ ਲੋਕ ਮਾਰੇ ਗਏ ਹਨ।