ਯੋਰੋਸ਼ਲਮ/ਗਾਜ਼ਾ,8 ਅਕਤੂਬਰ (ਪੰਜਾਬ ਮੇਲ)- ਹਮਾਸ ਦੇ ਕੱਟੜਪੰਥੀਆਂ ਵੱਲੋਂ ਸ਼ਨਿੱਚਰਵਾਰ ਨੂੰ ਪ੍ਰਮੁੱਖ ਯਹੂਦੀ ਛੁੱਟੀ ਮੌਕੇ ਇਜ਼ਰਾਇਲ ’ਤੇ ਕੀਤੇ ਹਮਲੇ ਤੇ ਇਜ਼ਰਾਇਲ ਵੱਲੋਂ ਕੀਤੀ ਜਵਾਬੀ ਕਾਰਵਾਈ (ਹਵਾਈ ਹਮਲਿਆਂ) ਵਿੱਚ ਹੁਣ ਤੱਕ ਪੰਜ ਸੌ ਦੇ ਕਰੀਬ ਲੋਕ ਮਾਰੇ ਗਏ ਤੇ ਕਈ ਲੋਕਾਂ ਨੂੰ ਬੰਧਕ ਬਣਾਇਆ ਗਿਆ ਹੈ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੇ ਕਿਹਾ ਕਿ ਹਮਾਸ ਨੂੰ ‘ਅਜਿਹੀ ਕੀਮਤ ਤਾਰਨੀ ਹੋਵੇਗੀ, ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ।’’ ਹਮਾਸ ਨੇ ਗਾਜ਼ਾ ਪੱਟੀ ਵਿੱਚ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਨੂੰ ਧਮਾਕਿਆਂ ਨਾਲ ਉਡਾ ਦਿੱਤਾ ਤੇ 22 ਥਾਵਾਂ ’ਤੇ ਅੰਦਰ ਵੜ ਕੇ ਹਮਲਾ ਕੀਤਾ। ਕਈ ਥਾਵਾਂ ’ਤੇ ਉਹ ਹਮਾਸ ਦੇ ਲੜਾਕੇ ਘੰਟਿਆਂਬੱਧੀ ਘੁੰਮਦੇ ਰਹੇ ਤੇ ਇਜ਼ਰਾਇਲੀ ਨਾਗਰਿਕਾਂ ਤੇ ਫੌਜੀਆਂ ਦੀ ਹੱਤਿਆ ਕੀਤੀ। ਹਮਾਸ ਕੱਟੜਵਾਦੀਆਂ ਤੇ ਇਜ਼ਰਾਇਲੀ ਸੁਰੱਖਿਆ ਬਲਾਂ ਵਿਚਾਲੇ ਅੱਧੀ ਰਾਤ ਤੋਂ ਮੁਕਾਬਲਾ ਜਾਰੀ ਹੈ। ਕੱਟੜਵਾਦੀਆਂ ਨੇ ਦੋ ਕਸਬਿਆਂ ਵਿੱਚ ਲੋਕਾਂ ਨੂੰ ਬੰਧਕ ਬਣਾਇਆ ਹੋਇਆ ਹੈ ਜਦੋਂਕਿ ਇਕ ਹੋਰ ਕਸਬੇ ਵਿੱਚ ਪੁਲੀਸ ਥਾਣੇ ’ਤੇ ਕਬਜ਼ਾ ਕਰ ਲਿਆ ਹੈ। ਇਜ਼ਰਾਇਲੀ ਮੀਡੀਆ ਨੇ ਬਚਾਅ ਕਾਰਜਾਂ ਵਿੱਚ ਲੱਗੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਹਮਾਸ ਵੱਲੋਂ ਕੀਤੇ ਹਮਲੇ ਵਿੱਚ ਘੱਟੋ-ਘੱਟ 250 ਲੋਕਾਂ ਦੀ ਜਾਨ ਜਾਂਦੀ ਰਹੀ ਹੈ ਤੇ 1500 ਤੋਂ ਵਧ ਲੋਕ ਜ਼ਖ਼ਮੀ ਹੋਏ ਹਨ। ਉਧਰ ਫਲਸਤੀਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਗਾਜ਼ਾ ਪੱਟੀ ਵਿੱਚ ਇਜ਼ਰਾਇਲੀ ਹਮਲਿਆਂ ਵਿੱਚ ਘੱਟੋ-ਘੱਟ 232 ਲੋਕ ਮਾਰੇ ਗਏ ਤੇ 1700 ਤੋਂ ਵਧ ਲੋਕ ਜ਼ਖ਼ਮੀ ਹੋਏ ਹਨ। ਹਮਾਸ ਦੇ ਲੜਾਕਿਆਂ ਨੇ ਗਾਜ਼ਾ ਵਿੱਚ ਇਜ਼ਰਾਇਲ ਦੇ ਕਈ ਨਾਗਰਿਕਾਂ ਤੇ ਫੌਜੀਆਂ ਨੂੰ ਬੰਦੀ ਬਣਾ ਲਿਆ ਹੈ। ਸੋਸ਼ਲ ਮੀਡੀਆ ’ਤੇ ਇਸ ਦੀਆਂ ਕਈ ਖੌਫ਼ਨਾਕ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਹਮਲੇ ਦੇ ਵੱਡੇ ਸੰਘਰਸ਼ ਵਿੱਚ ਤਬਦੀਲ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।