#OTHERS

ਇਜ਼ਰਾਇਲ ਅਤੇ ਇਰਾਨ ਵਿਚਕਾਰ ਤਣਾਅ ਖਤਰਨਾਕ ਪੱਧਰ ‘ਤੇ ਪਹੁੰਚਿਆ

ਤਹਿਰਾਨ, 25 ਮਾਰਚ (ਪੰਜਾਬ ਮੇਲ)- ਅਮਰੀਕਾ, ਇਜ਼ਰਾਇਲ ਅਤੇ ਇਰਾਨ ਵਿਚਕਾਰ ਤਣਾਅ ਖ਼ਤਰਨਾਕ ਪੱਧਰ ‘ਤੇ ਪਹੁੰਚ ਚੁੱਕਾ ਹੈ। ਦੁਨੀਆਂ ਭਰ ਦੀਆਂ ਨਜ਼ਰਾਂ ਇਸ ਵਕਤ ਇਸ ਸੰਘਰਸ਼ ‘ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਇਹ ਟਕਰਾਅ ਕਿਸੇ ਵੀ ਸਮੇਂ ਵੱਡੀ ਜੰਗ ਦਾ ਰੂਪ ਧਾਰ ਸਕਦਾ ਹੈ।
ਇਜ਼ਰਾਇਲ ਅਤੇ ਇਰਾਨ ਵਿਚਕਾਰ ਟੈਂਸ਼ਨ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਰਾਨ ਆਪਣੇ ਸਮਰਥਕ ਗਰੁੱਪਾਂ — ਜਿਵੇਂ ਕਿ ਹਿਜਬੁੱਲਾ ਅਤੇ ਯਮਨ ਦੇ ਹੂਤੀ ਬਾਗੀਆਂ ਰਾਹੀਂ ਇਜ਼ਰਾਇਲ ‘ਤੇ ਦਬਾਅ ਬਣਾਉਂਦਾ ਆ ਰਿਹਾ ਹੈ। ਹਾਲੀਆ ਦਿਨਾਂ ਵਿਚ ਡਰੋਨ ਹਮਲੇ ਅਤੇ ਮਿਜ਼ਾਈਲ ਅਟੈਕ ਦੇ ਕੇਸ ਵੀ ਵਧੇ ਹਨ, ਜਿਸ ਨਾਲ ਸਥਿਤੀ ਹੋਰ ਭੜਕ ਗਈ ਹੈ। ਇਸ ਦੌਰਾਨ ਅਮਰੀਕਾ ਨੇ ਇਜ਼ਰਾਇਲ ਨੂੰ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਮਿਡਲ ਈਸਟ ਵਿਚ ਆਪਣੀ ਫੌਜੀ ਮੌਜੂਦਗੀ ਵਧਾ ਦਿੱਤੀ ਹੈ ਅਤੇ ਨੌਸੈਨਾ ਦੇ ਜਹਾਜ਼ ਅਤੇ ਜੰਗੀ ਹਵਾਈ ਜਹਾਜ਼ ਵੀ ਤੈਨਾਤ ਕੀਤੇ ਗਏ ਹਨ।
ਮਾਹਿਰਾਂ ਦੇ ਮੁਤਾਬਕ, ਇਸ ਵੇਲੇ ਤਿੰਨ ਸੰਭਾਵਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਵਿਚ ਛੋਟੇ ਪੱਧਰ ‘ਤੇ ਹਮਲੇ, ਡਰੋਨ ਸਟਰਾਈਕ ਅਤੇ ਪ੍ਰਾਕਸੀ ਵਾਰ ਜਾਰੀ ਰਹੇਗੀ। ਇਹ ਸਭ ਤੋਂ ਵੱਧ ਸੰਭਾਵਨਾ ਵਾਲਾ ਸਿਨਾਰਿਓ ਮੰਨਿਆ ਜਾ ਰਿਹਾ ਹੈ।
ਜੇਕਰ ਕੋਈ ਵੱਡਾ ਹਮਲਾ ਜਾਂ ਗਲਤੀ ਹੋ ਜਾਂਦੀ ਹੈ, ਤਾਂ ਅਮਰੀਕਾ ਸਿੱਧਾ ਜੰਗ ਵਿਚ ਉਤਰ ਸਕਦਾ ਹੈ। ਇਸ ਸਥਿਤੀ ਵਿਚ ਇਹ ਸੰਘਰਸ਼ ਵਿਸ਼ਵ ਪੱਧਰ ਦੀ ਜੰਗ ਦਾ ਰੂਪ ਵੀ ਲੈ ਸਕਦਾ ਹੈ।
ਕੁਝ ਦੇਸ਼ ਅਤੇ ਯੂ.ਐੱਨ. ਇਸ ਮਾਮਲੇ ਨੂੰ ਸ਼ਾਂਤੀ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਮੌਜੂਦਾ ਹਾਲਾਤਾਂ ਵਿਚ ਇਹ ਰਾਹ ਮੁਸ਼ਕਲ ਦਿਖਾਈ ਦੇ ਰਿਹਾ ਹੈ।
ਹੁਣ ਗੱਲ ਕਰਦੇ ਹਾਂ ਇਸ ਸੰਘਰਸ਼ ਦੇ ਦੁਨੀਆ ‘ਤੇ ਅਸਰ ਦੀ…
ਜੇ ਇਹ ਟਕਰਾਅ ਵਧਦਾ ਹੈ, ਤਾਂ ਸਭ ਤੋਂ ਪਹਿਲਾਂ ਅਸਰ ਪਵੇਗਾ ਤੇਲ ਦੀਆਂ ਕੀਮਤਾਂ ‘ਤੇ। ਮਿਡਲ ਈਸਟ ਦੁਨੀਆਂ ਦਾ ਸਭ ਤੋਂ ਵੱਡਾ ਤੇਲ ਉਤਪਾਦਨ ਖੇਤਰ ਹੈ ਅਤੇ ਜੰਗ ਦੀ ਸਥਿਤੀ ਵਿਚ ਤੇਲ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਅਮਰੀਕਾ ਸਮੇਤ ਦੁਨੀਆਂ ਭਰ ਵਿਚ ਮਹਿੰਗਾਈ ਵਧ ਸਕਦੀ ਹੈ।
ਇਸ ਤੋਂ ਇਲਾਵਾ, ਗਲੋਬਲ ਟਰੇਡ ਅਤੇ ਸ਼ਿਪਿੰਗ ‘ਤੇ ਵੀ ਵੱਡਾ ਅਸਰ ਪੈ ਸਕਦਾ ਹੈ। ਰੈੱਡ ਸੀ ਅਤੇ ਹੋਰ ਸਮੁੰਦਰੀ ਰੂਟ ਪਹਿਲਾਂ ਹੀ ਖਤਰੇ ਵਿਚ ਹਨ, ਜਿੱਥੇ ਕਈ ਜਹਾਜ਼ਾਂ ‘ਤੇ ਹਮਲੇ ਹੋ ਚੁੱਕੇ ਹਨ।
ਅਮਰੀਕਾ ਵਿਚ ਇਸ ਮਾਮਲੇ ਦਾ ਪਾਲਿਟਿਕਲ ਅਸਰ ਵੀ ਹੋ ਸਕਦਾ ਹੈ, ਖਾਸ ਕਰਕੇ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ।
ਮਾਹਿਰਾਂ ਦਾ ਕਹਿਣਾ ਹੈ ਕਿ ਹਾਲੇ ਵੀ ਡਿਪਲੋਮੈਸੀ ਦਾ ਦਰਵਾਜ਼ਾ ਖੁੱਲ੍ਹਾ ਹੈ, ਪਰ ਜੇ ਕੋਈ ਵੱਡੀ ਗਲਤੀ ਜਾਂ ਸਿੱਧਾ ਹਮਲਾ ਹੋ ਜਾਂਦਾ ਹੈ, ਤਾਂ ਸਥਿਤੀ ਕਾਬੂ ਤੋਂ ਬਾਹਰ ਵੀ ਜਾ ਸਕਦੀ ਹੈ।
ਇਸ ਸਮੇਂ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਇਸ ਸੰਘਰਸ਼ ਨੂੰ ਵੱਡੀ ਜੰਗ ਬਣਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ।
”ਮੱਧ ਪੂਰਬ ਦੀ ਇਹ ਤਣਾਓ ਭਰੀ ਸਥਿਤੀ ਕਿਸੇ ਵੀ ਵੇਲੇ ਵੱਡੇ ਟਕਰਾਅ ਵਿਚ ਬਦਲ ਸਕਦੀ ਹੈ। ਦੁਨੀਆਂ ਦੀਆਂ ਨਜ਼ਰਾਂ ਹੁਣ ਇਸ ਗੱਲ ‘ਤੇ ਹਨ ਕਿ ਕੀ ਇਹ ਸੰਘਰਸ਼ ਜੰਗ ‘ਚ ਤਬਦੀਲ ਹੁੰਦਾ ਹੈ ਜਾਂ ਡਿਪਲੋਮੈਸੀ ਨਾਲ ਹੱਲ ਨਿਕਲਦਾ ਹੈ।”