#AMERICA

ਇਜ਼ਰਾਇਲੀ ਦੂਤਘਰ ‘ਚ ਖੁਦ ਨੂੰ ਅੱਗ ਲਗਾਉਣ ਵਾਲੇ ਅਮਰੀਕੀ ਹਵਾਈ ਫੌਜ ਦੇ ਕਰਮਚਾਰੀ ਦੀ ਹੋਈ ਮੌਤ

ਵਾਸ਼ਿੰਗਟਨ, 27 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਗਾਜ਼ਾ ‘ਚ ਇਜ਼ਰਾਈਲ ਦੇ ਹਮਲਿਆਂ ਦੇ ਵਿਰੋਧ ‘ਚ ਖੁਦ ਨੂੰ ਅੱਗ ਲਾਉਣ ਵਾਲੇ ਅਮਰੀਕੀ ਹਵਾਈ ਫੌਜ ਦੇ ਇਕ ਕਰਮਚਾਰੀ ਦੀ ਮੌਤ ਹੋ ਗਈ ਹੈ। ਪੈਂਟਾਗਨ ਦੇ ਸੂਤਰਾਂ ਨੇ ਸੋਮਵਾਰ ਨੂੰ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਫਾਇਰ ਕਰਮੀਆਂ ਨੂੰ ਸੂਚਨਾ ਮਿਲੀ ਸੀ ਕਿ ਬੀਤੇ ਐਤਵਾਰ ਰਾਤ ਨੂੰ ਇਜ਼ਰਾਇਲੀ ਦੂਤਘਰ ਦੇ ਸਾਹਮਣੇ ਅੱਗ ਲੱਗ ਗਈ। ਅੱਗ ਬੁਝਾਊ ਅਮਲਾ ਤੁਰੰਤ ਕਾਰਵਾਈ ਕਰਦਾ ਹੋਇਆ ਇਜ਼ਰਾਈਲੀ ਦੂਤਘਰ ਪਹੁੰਚਿਆ, ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਆਪ ਨੂੰ ਅੱਗ ਲਗਾਉਣ ਕਾਰਨ ਉਹ ਅੱਗ ਦੀ ਲਪਟਾਂ ਵਿਚ ਘਿਰਿਆ ਹੋਇਆ ਸੀ। ਫਾਇਰ ਕਰਮੀਆਂ ਵੱਲੋਂ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਇਕ ਸਥਾਨਕ ਹਸਪਤਾਲ ‘ਚ ਲਿਜਾਇਆ ਗਿਆ। ਹਸਪਤਾਲ ਸੂਤਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਸੀ। ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਇਜ਼ਰਾਇਲੀ ਦੂਤਘਰ ਦੇ ਸਾਹਮਣੇ  ‘ਫਲਸਤੀਨ ਛੱਡੋ’.. ‘ਨਸਲਕੁਸ਼ੀ ਵਿਚ ਹਿੱਸਾ ਨਾ ਲਓ’ ਵਰਗੇ ਨਾਅਰੇ ਲਗਾਉਂਦੇ ਹੋਏ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ।
ਅਮਰੀਕੀ ਹਵਾਈ ਸੈਨਾ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਵਿਰੋਧ ਕਰਨ ਲਈ ਆਪਣੇ ਆਪ ਨੂੰ ਅੱਗ ਲਗਾ ਕੇ ਆਤਮ ਹੱਤਿਆ ਦੀ  ਕੋਸਿਸ਼ ਕੀਤੀ, ਉਸ ਦੀ ਦੋ ਦਿਨ ਬਾਅਦ ਹਸਪਤਾਲ ‘ਚ ਮੌਤ ਹੋ ਗਈ ਹੈ।