#AMERICA

ਇਕ ਇੰਚ ਗੋਲੀ ਇਧਰ ਉਧਰ ਹੋ ਜਾਂਦੀ, ਤਾਂ ਟਰੰਪ ਅੱਜ ਸਾਡੇ ਵਿਚ ਨਾ ਹੁੰਦੇ : ਸਾਬਕਾ ਸੀਕ੍ਰੇਟ ਸਰਵਿਸ ਮੁਖੀ

– ਸੀਕ੍ਰੇਟ ਸਰਵਿਸ ਦੀ ਕਾਰਗੁਜ਼ਾਰੀ ‘ਤੇ ਉਠਾਏ ਸਵਾਲ
ਸੈਕਰਾਮੈਂਟੋ, 16 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਜਾਂਚਕਾਰ ਇਕ ਨਿਸ਼ਾਨਚੀ (ਸ਼ੂਟਰ) ਵੱਲੋਂ ਪੈਨਸਿਲਵੇਨੀਆ ਰਾਜ ਵਿਚ ਬਟਲਰ ਵਿਖੇ ਇਕ ਰੈਲੀ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਤਕਰੀਬਨ 150 ਮੀਟਰ ਤੋਂ ਗੋਲੀਆਂ ਚਲਾ ਕੇ ਜ਼ਖਮੀ ਕਰ ਦੇਣ ਦੀ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ। ਇਕ ਸਾਬਕਾ ਲਾਅ ਇਨਫੋਰਸਮੈਂਟ ਅਫਸਰ ਨੇ ਕਿਹਾ ਹੈ ਕਿ ਜਾਂਚਕਾਰਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਪਵੇਗਾ ਕਿ ਕੀ ਸੀਕ੍ਰੇਟ ਸਰਵਿਸ ਪ੍ਰੋਟੋਕਾਲ ਦੀ ਉਲੰਘਣਾ ਹੋਈ ਹੈ? ਸਾਬਕਾ ਸੀਕਰਟ ਸਰਵਿਸ ਮੁਖੀ ਜੁਲੀਆ ਪੀਅਰਸਨ ਨੇ ਕਿਹਾ ਹੈ ਕਿ ਸ਼ੂਟਰ ਤਕਰੀਬਨ 150 ਮੀਟਰ ਦੀ ਦੂਰੀ ਤੋਂ ਗੋਲੀਆਂ ਚਲਾ ਕੇ ਡੋਨਲਡ ਟਰੰਪ ਦੀ ਜਾਨ ਲੈਣ ਦੇ ਨੇੜੇ ਪੁੱਜ ਗਿਆ ਸੀ, ਜੋ ਰਾਸ਼ਟਰਪਤੀ ਦੇ ਅਹੁਦੇ ਲਈ ਸੰਭਾਵੀ ਨਾਮਜ਼ਦ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਜੇਕਰ ਇਕ ਇੰਚ ਗੋਲੀ ਇਧਰ-ਉਧਰ ਹੋ ਜਾਂਦੀ, ਤਾਂ ਅੱਜ ਟਰੰਪ ਸਾਡੇ ਵਿਚ ਨਾ ਹੁੰਦੇ। ਪੀਅਰਸਨ ਅਨੁਸਾਰ ਮੇਰਾ ਵਿਚਾਰ ਹੈ ਕਿ ਨਿਸ਼ਾਨਚੀ ਦੀ ਸਮਰੱਥਾ 1000 ਮੀਟਰ ਤੋਂ ਨਿਸ਼ਾਨਾ ਲਾਉਣ ਦੀ ਹੋ ਸਕਦੀ ਹੈ, ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। 1000 ਮੀਟਰ ਦੇ ਘੇਰੇ ਵਿਚ ਸ਼ੂਟਰ ਕੁਝ ਵੀ ਕਰ ਸਕਦੇ ਹਨ। ਪੀਅਰਸਨ ਜੋ ਸੀਕ੍ਰੇਟ ਸਰਵਿਸ ਵਿਚ 3 ਦਹਾਕੇ ਤੱਕ ਤਾਇਨਾਤ ਰਹੇ ਹਨ, ਨੇ ਕਿਹਾ ਕਿ ਇਹ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਰੂਬਨ ਗਾਲੇਗੋ ਸਾਬਕਾ ਸੈਨਿਕ ਤੇ ਐਰੀਜ਼ੋਨਾ ਡੈਮੋਕਰੈਟਿਕ ਆਗੂ ਨੇ ਕਿਹਾ ਹੈ ਕਿ ਟਰੰਪ ਲਈ ਸੁਰੱਖਿਆ ਯੋਜਨਾ ਨਾਕਾਫੀ ਸੀ, ਜਿਸ ਦੀ ਕਾਂਗਰਸ ਵਿਚ ਚਰਚਾ ਹੋਣੀ ਚਾਹੀਦੀ ਹੈ ਤੇ ਇਸ ਸਬੰਧੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਇਸੇ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਦੇ ਆਦੇਸ਼ ਅਨੁਸਾਰ ਸੀਕ੍ਰੇਟ ਸਰਵਿਸ ਮੁਖੀ ਕਿੰਬਰਲੀ ਚੀਟਲ ਵੱਲੋਂ ਮਿਲਵਾਕੀ ਵਿਚ ਅੱਜ ਸ਼ੁਰੂ ਹੋ ਰਹੀ, ਰਿਪਬਲੀਕਨ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਵਾਸਤੇ ਸੁਰੱਖਿਆ ਦਾ ਨਵੇਂ ਸਿਰੇ ਤੋਂ ਜਾਇਜ਼ਾ ਲੈ ਕੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਇਸ ਕਨਵੈਨਸ਼ਨ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਡੋਨਲਡ ਟਰੰਪ ਦੇ ਨਾਂ ‘ਤੇ ਮੋਹਰ ਲਾਈ ਜਾਣੀ ਹੈ।