#PUNJAB

ਇਕਵਾਕ ਸਿੰਘ ਪੱਟੀ ਦੀ ਪੁਸਤਕ ‘ਨਿੱਕ-ਸੁੱਕ’ ਹੋਈ ਲੋਕ ਅਰਪਣ

-ਸੱਜਰੇ ਅਤੇ ਉਮਦਾ ਸਾਹਿਤ ਨੂੰ ਕਹੋ ‘ਜੀ ਆਇਆਂ’ : ਨਾਜ਼
ਅੰਮ੍ਰਿਤਸਰ, 29 ਮਾਰਚ (ਪੰਜਾਬ ਮੇਲ)- ਸਥਾਨਕ ਤਰਨ ਤਾਰਨ ਰੋਡ ਵਿਖੇ ਸਥਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਕਰਵਾਏ ਗਏ ਇੱਕ ਸ਼ੁਕਰਾਨਾ ਸਮਾਗਮ ਦੌਰਾਨ ਬਹੁ-ਵਿਧਾਵੀ ਲੇਖਕ ਇਕਵਾਕ ਸਿੰਘ ਪੱਟੀ ਦੀ ਮਾਝਾ ਵਰਲਡਵਾਈਡ ਵੱਲੋਂ ਪ੍ਰਕਾਸ਼ਿਤ ਨਵੀਂ ਮਿੰਨੀ ਕਹਾਣੀਆਂ ਦੀ ਪੁਸਤਕ ‘ਨਿੱਕ-ਸੁੱਕ’ ਸੰਗਤਾਂ ਦੀ ਹਾਜ਼ਰੀ ਵਿਚ ਲੋਕ ਅਰਪਣ ਕੀਤੀ ਗਈ। ਇਸ ਮੌਕੇ ਬੋਲਦਿਆਂ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਦੇ ਮੁੱਖੀ ਅਤੇ ਸਾਹਿਤਕਾਰ ਸ. ਸਤਿੰਦਰ ਸਿੰਘ ਓਠੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਇਹ ਸ. ਪੱਟੀ ਦੀ ਨੌਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਲੇਖਕ ਵੱਲੋਂ ਧਾਰਮਿਕ ਸਾਹਿਤ, ਵਾਰਤਕ, ਕਹਾਣੀ ਸੰਗ੍ਰਹਿ, ਨਾਵਲ ਅਤੇ ਸੰਗੀਤ ਦੇ ਵਿਸ਼ੇ ਉੱਤੇ ਪੁਸਤਕਾਂ ਦੀ ਸਿਰਜਣਾ ਕੀਤੀ ਜਾ ਚੁੱਕੀ ਹੈ। ਕਿਤਾਬ ਦਾ ਮੁੱਖ ਬੰਦ ਲਿਖਣ ਵਾਲੀ ਲੇਖਿਕਾ ਹਰਦੀਪ ਕੌਰ ਨਾਜ਼ ਨੇ ਲੇਖਕ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੱਜਰੇ ਅਤੇ ਉਮਦਾ ਸਾਹਿਤ ਨੂੰ ਹਮੇਸ਼ਾਂ ਜੀ ਆਇਆਂ ਕਹਿਣਾ ਚਾਹੀਦਾ ਹੈ। ਪ੍ਰਵਾਸੀ ਲੇਖਕ ਸ. ਤਰਲੋਕ ਸਿੰਘ ਹੁੰਦਲ ਨੇ ਸਾਂਝੇ ਤੌਰ ‘ਤੇ ਕਿਹਾ ਕਿ ਇਸ ਕਿਤਾਬ ਵਿਚ ਛੋਹੇ ਗਏ ਸਮਾਜਿਕ, ਧਾਰਮਿਕ, ਰਾਜਨੀਤਿਕ ਆਦਿ ਵਿਸ਼ੇ ਬਹੁਤ ਸੁਹਣੇ ਢੰਗ ਨਾਲ ਦਿਲ ਟੁੰਬਵੇਂ ਕਟਾਖਸ਼ ਕਰਦੇ ਹੋਏ ਪਾਠਕਾਂ ਨੂੰ ਆਪਣੇ ਆਲੇ-ਦੁਆਲੇ ਪ੍ਰਤੀ ਸੁਚੇਤ ਕਰਦੇ ਹਨ। ਨਿੱਕ-ਸੁੱਕ ਦੇ ਕਰਤਾ ਇਕਵਾਕ ਸਿੰਘ ਪੱਟੀ ਨੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੇਖਕ ਦੀ ਲਿਖਤ ਤਦ ਸਫ਼ਲ ਹੁੰਦੀ ਹੈ, ਜਦ ਪਾਠਕਾਂ ਦਾ ਪਿਆਰ ਮਿਲਦਾ ਹੈ ਅਤੇ ਪਾਠਕਾਂ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਉਤਸ਼ਾਹ ਦਾ ਸਦਕਾ ਹੀ ਹੈ ਕਿ ਅੱਜ ਨੌਵੀਂ ਪੁਸਤਕ ਪਾਠਕਾਂ ਦੇ ਹੱਥਾਂ ਵਿਚ ਹੈ। ਆਉਂਦੇ ਸਮੇਂ ਵਿਚ ਦੋ ਨਾਵਲ ਹੋਰ ਛਪ ਰਹੇ ਹਨ, ਜੋ ਜਲਦੀ ਪਾਠਕਾਂ ਦੇ ਹੱਥਾਂ ਵਿਚ ਹੋਣਗੇ।
ਇਸ ਮੌਕੇ ਸ. ਤੇਜਿੰਦਰ ਸਿੰਘ (ਅਕਾਲ ਚੈਨਲ), ਸ. ਅਮਰਜੀਤ ਸਿੰਘ ਲਾਡੀ, ਸ. ਚਰਨਜੀਤ ਸਿੰਘ, ਸ. ਗੁਰਲਾਲ ਸਿੰਘ, ਰਿਟਾਰਿਡ ਪ੍ਰਿੰਸੀਪਲ ਅਮਰਜੀਤ ਸਿੰਘ, ਗੀਤਕਾਰ ਆਰਜੀਤ, ਮਨਬੀਰ ਕੌਰ, ਸੰਦੀਪ ਸਿੰਘ ਮਰਵਾਹਾ, ਅਦਾਕਾਰ ਅਤੇ ਨਿਰਦੇਸ਼ਕ ਦਲਜੀਤ ਸਿੰਘ ਸੋਨਾ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਪਵਿੱਤਰਜੀਤ ਸਿੰਘ, ਡਾ. ਪਰਮਪਾਲ ਸਿੰਘ ਆਦਿ ਸਤਿਕਾਰਤ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।