ਇਸਲਾਮਾਬਾਦ, 11 ਮਾਰਚ (ਪੰਜਾਬ ਮੇਲ)- ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸਹਿ-ਚੇਅਰਮੈਨ ਆਸਿਫ਼ ਅਲੀ ਜ਼ਰਦਾਰੀ (68) ਨੇ ਅੱਜ ਮੁਲਕ ਦੇ 14ਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ। ਹਲਫ਼ਦਾਰੀ ਸਮਾਗਮ ਇਸਲਾਮਾਬਾਦ ਦੇ ‘ਐਵਾਨ-ਏ-ਸਦਰ’ ਵਿਚ ਹੋਇਆ।
ਪਾਕਿਸਤਾਨ ਦੇ ਚੀਫ ਜਸਟਿਸ ਕਾਜ਼ੀ ਫੈਜ਼ ਈਸਾ ਨੇ ਜ਼ਨਾਬ ਜ਼ਰਦਾਰੀ ਨੂੰ ਹਲਫ਼ ਦਿਵਾਇਆ। ਜ਼ਰਦਾਰੀ ਨੇ ਡਾ. ਆਰਿਫ਼ ਅਲਵੀ ਦੀ ਥਾਂ ਲਈ ਹੈ ਜਿਨ੍ਹਾਂ ਦਾ ਕਾਰਜਕਾਲ ਪਿਛਲੇ ਸਾਲ ਸਤੰਬਰ ਵਿਚ ਮੁੱਕ ਗਿਆ ਸੀ। ਹਾਲਾਂਕਿ ਉਹ ਪੰਜ ਮਹੀਨੇ ਹੋਰ ਇਸ ਅਹੁਦੇ ’ਤੇ ਬਣੇ ਰਹੇ। ਹਲਫ਼ਦਾਰੀ ਸਮਾਗਮ ਵਿਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੋਂ ਇਲਾਵਾ ਤਿੰਨਾਂ ਸੈਨਾਵਾਂ ਦੇ ਮੁਖੀ, ਸੀਨੀਅਰ ਅਧਿਕਾਰੀ ਤੇ ਡਿਪਲੋਮੈਟ ਮੌਜੂਦ ਸਨ। ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਸਿਫ਼ ਅਲੀ ਜ਼ਰਦਾਰੀ ਨੂੰ ਪਾਕਿਸਤਾਨ ਦਾ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ। ਚੀਨੀ ਸਦਰ ਨੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਲੋਹੇ ਵਰਗੀ ਮਜ਼ਬੂਤ ਦੋਸਤੀ ‘ਇਤਿਹਾਸ ਦੀ ਚੋਣ’ ਹੈ ਤੇ ਚੀਨ-ਪਾਕਿ ਰਿਸ਼ਤਿਆਂ ਦੀ ਰਣਨੀਤਕ ਮਹੱਤਤਾ ਹੈ। ਸੱਤਾਧਾਰੀ ਗੱਠਜੋੜ ਦੇ ਸਾਂਝੇ ਉਮੀਦਵਾਰ ਜ਼ਰਦਾਰੀ ਨੇ ਪੀਟੀਆਈ ਹਮਾਇਤ ਪ੍ਰਾਪਤ ਸੁੰਨੀ ਇਤਿਹਾਦ ਕੌਂਸਲ (ਐੱਸਆਈਸੀ) ਦੇ ਉਮੀਦਵਾਰ ਮਹਿਮੂਦ ਖਾਨ ਅਚਕਜ਼ਈ ਨੂੰ ਵੱਡੇ ਫ਼ਰਕ ਨਾਲ ਹਰਾਇਆ ਸੀ।